ਉਮਰਾਂ ’ਚ ਕੀ ਰੱਖਿਆ…

0
121

ਤਿਰੁਅਨੰਤਪੁਰਮ : ਕੇਰਲਾ ਦੀ 70 ਸਾਲਾ ਲੀਲਾ ਜੋਸ ਨੇ ਹਾਲ ਹੀ ਵਿੱਚ ਡੁਬਈ ਵਿੱਚ 13 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਸਾਬਤ ਕੀਤਾ ਕਿ ‘ਉਮਰਾਂ ’ਚ ਕੀ ਰੱਖਿਆ, ਦਿਲ ਹੋਣਾ ਚਾਹੀਦੈ ਜਵਾਨ’। ਲੀਲਾ ਆਪਣੇ ਜਾਣਕਾਰਾਂ ਨਾਲ ਅਕਸਰ ਸਕਾਈਡਾਈਵਿੰਗ ਬਾਰੇ ਮਜ਼ਾਕ ਕਰਦੀ ਸੀ ਤੇ ਬਹੁਤੇ ਕਹਿੰਦੇ ਸਨ ਕਿ ਉਸ ਦਾ ਇਹ ਸੁਫਨਾ ਪੂਰਾ ਹੋਣ ਵਾਲਾ ਨਹੀਂ, ਪਰ ਉਹ ਪਿਛਲੇ ਮਹੀਨੇ ਡੁਬਈ ਵਿੱਚ ਆਪਣੇ ਬੇਟੇ ਅਨੀਸ਼ ਨੂੰ ਮਿਲਣ ਗਈ ਤਾਂ ਸੁਫਨਾ ਸਾਕਾਰ ਕਰਨ ਦਾ ਫੈਸਲਾ ਕੀਤਾ। ਸ਼ੁਰੂ ਵਿੱਚ ਬੇਟੇ ਨੇ ਕਿਹਾ ਕਿ ‘ਛੱਡੋ ਮਾਤਾ ਜੀ, ਤੁਹਾਥੋਂ ਇਹ ਨਹੀਂ ਹੋਣਾ।’ ਓੜਕ ਉਸ ਨੇ ਮਹਿਸੂਸ ਕੀਤਾ ਕਿ ਮਾਤਾ ਟਲਣ ਵਾਲੀ ਨਹੀਂ। ਉਹ ਇੱਕ ਸਕਾਈਡਾਈਵਿੰਗ ਟੀਮ ਕੋਲ ਗਿਆ। ਟੀਮ ਦੇ ਅਮਲੇ ਨੇ ਸੋਚਿਆ ਕਿ ਅਨੀਸ਼ ਨੇ ਹਵਾ ਵਿੱਚੋਂ ਛਾਲ ਮਾਰਨੀ ਹੈ, ਪਰ ਉਹ ਹੈਰਾਨ ਰਹਿ ਗਏ, ਜਦੋਂ ਪਤਾ ਲੱਗਾ ਕਿ ਲੀਲਾ ਨੇ ਮਾਰਨੀ ਹੈ। ਆਪਣਾ ਸੁਫਨਾ ਸਾਕਾਰ ਕਰਨ ਵਾਲੀ ਲੀਲਾ ਨੇ ਕਿਹਾ ਕਿ ਉਹ ਗ੍ਰਹਿਣੀ ਹੈ ਤੇ ਉਸ ਦੇ ਮਰਹੂਮ ਪਤੀ ਸਾਬਕਾ ਬੈਂਕ ਅਫਸਰ ਬਹੁਤ ਵਧੀਆ ਇਨਸਾਨ ਸਨ, ਜਿਨ੍ਹਾ ਕੁਝ ਨਵਾਂ ਕਰਨ ਲਈ ਉਸ ਨੂੰ ਹਮੇਸ਼ਾ ਉਤਸ਼ਾਹਤ ਕੀਤਾ। ਦੋ ਬੇਟਿਆਂ ਦੀ ਮਾਂ ਤੇ ਦੋ ਪੋਤਿਆਂ ਦੀ ਦਾਦੀ ਨੇ ਕਿਹਾ ਕਿ ਉਸ ਨੇ ਸਭ ਕੁਝ ਹਾਸਲ ਕਰ ਲਿਆ ਹੈ, ਬਾਕੀ ਜ਼ਿੰਦਗੀ ਬੋਨਸ ਹੀ ਹੈ। ਇਸ ਨੂੰ ਉਹ ਬਿਨਾਂ ਡਰ ਦੇ ਮਾਣਨਾ ਚਾਹੁੰਦੀ ਹੈ। ਜੇ ਪੁਲਾੜ ਵਿੱਚ ਜਾਣ ਦਾ ਮੌਕਾ ਮਿਲੇ ਤਾਂ ਉਹ ਤਿਆਰ ਰਹੇਗੀ।