ਵਿਸ਼ਵ ਦੀਆਂ ਨਜ਼ਰਾਂ ਟਰੰਪ, ਪੁਤਿਨ ਤੇ ਸ਼ੀ ਵਿਚਾਲੇ ਮੁਲਾਕਾਤ ‘ਤੇ

0
6

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਚੀਨ ਵਿੱਚ ਏਸ਼ੀਆ-ਪੈਸੀਫਿਕ ਇਕਨਾਮਿਕ ਕੋਆਪਰੇਸ਼ਨ ਸੰਮੇਲਨ ਦੇ ਨਾਲ-ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪਹਿਲੀ ਵਾਰ ਤਿੰਨ ਪੱਖੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਹਨ | ਮੀਡੀਆ ਰਿਪੋਰਟ ਅਨੁਸਾਰ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਆਗੂਆਂ ਵਿਚਾਲੇ ਹੋਣ ਵਾਲੀ ਇਸ ਚਰਚਾ ਦਾ ਮੁੱਖ ਕੇਂਦਰ ਪਰਮਾਣੂ ਨਿਸ਼ਸਤਰੀਕਰਨ (ਪਰਮਾਣੂ ਹਥਿਆਰਾਂ ਵਿੱਚ ਕਟੌਤੀ) ਅਤੇ ਈਰਾਨ ਰਹਿਣ ਦੀ ਉਮੀਦ ਹੈ | ਇਹ ਮੀਟਿੰਗ ਤਿੰਨਾਂ ਪ੍ਰਮੁੱਖ ਸ਼ਕਤੀਆਂ ਦੇ ਆਗੂਆਂ ਵਿਚਕਾਰ ਇੱਕ ਬੇਮਿਸਾਲ ਸਾਂਝੀ ਸ਼ਮੂਲੀਅਤ ਹੋਵੇਗੀ, ਹਾਲਾਂ ਕਿ ਅਮਰੀਕੀ ਅਧਿਕਾਰੀਆਂ ਨੇ ਪਰਮਾਣੂ ਹਥਿਆਰਾਂ ਨੂੰ ਘਟਾਉਣ ‘ਤੇ ਕਿਸੇ ਤੁਰੰਤ ਸਮਝੌਤੇ ਦੀਆਂ ਉਮੀਦ ਨਾ ਕਰਦਿਆਂ ਇਸ ਗੱਲਬਾਤ ਨੂੰ ਇੱਕ ਸ਼ੁਰੂਆਤੀ ਚਰਚਾ ਦੱਸਿਆ ਹੈ | ਵ੍ਹਾਈਟ ਹਾਊਸ ਦੀ ਬੁਲਾਰਾ ਓਲੀਵੀਆ ਵੇਲਜ਼ ਨੇ ਕਿਹਾ ਕਿ ਮੀਟਿੰਗ ਦੌਰਾਨ ਟਰੰਪ ਆਪਣੇ ਹਮਰੁਤਬਾ ਆਗੂਆਂ ਨਾਲ ਵਿਸ਼ਵ ਪੱਧਰ ‘ਤੇ ਪਰਮਾਣੂ ਹਥਿਆਰਾਂ ਨੂੰ ਘਟਾਉਣ ਬਾਰੇ ਚਰਚਾ ਕਰਨ ਦਾ ਇਰਾਦਾ ਰੱਖਦੇ ਹਨ ਅਤੇ ਉਨ੍ਹਾ ਪਰਮਾਣੂ ਪਸਾਰ ਨੂੰ ਇੱਕ ਖ਼ਤਰਨਾਕ ਘਟਨਾਕ੍ਰਮ ਦੱਸਿਆ ਹੈ | ਵੇਲਜ਼ ਨੇ ਕਿਹਾ, ‘ਰਾਸ਼ਟਰਪਤੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੋਰ ਵਿਸ਼ਿਆਂ ਦੇ ਨਾਲ-ਨਾਲ ਉਹ ਦੁਨੀਆ ਵਿੱਚ ਪਰਮਾਣੂ ਹਥਿਆਰਾਂ ਨੂੰ ਘਟਾਉਣ ਬਾਰੇ ਚਰਚਾ ਕਰਨਗੇ |’ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਿੰਨ-ਪੱਖੀ ਮੀਟਿੰਗ ਤੋਂ ਕਿਸੇ ਠੋਸ ਸਮਝੌਤੇ ਦੀ ਉਮੀਦ ਨਹੀਂ, ਪਰ ਉਹ ਇਸ ਨੂੰ ਉਚ ਪੱਧਰ ‘ਤੇ ਚਰਚਾ ਸ਼ੁਰੂ ਕਰਨ ਦੇ ਇੱਕ ਮੌਕੇ ਵਜੋਂ ਦੇਖਦਾ ਹੈ |