ਲੇਹ ’ਚ ਤਾਕਤ ਦੀ ਵਰਤੋਂ : 4 ਮੌਤਾਂ, 72 ਜ਼ਖਮੀ

0
93

ਲੇਹ : ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿੱਚ ਚੱਲ ਰਹੀ ਭੁੱਖ ਹੜਤਾਲ ਦਰਮਿਆਨ ਬੁੱਧਵਾਰ ਨੌਜਵਾਨਾਂ-ਵਿਦਿਆਰਥੀਆਂ ਤੇ ਪੁਲਸ ਵਿਚਾਲੇ ਝੜਪਾਂ ’ਚ 4 ਲੋਕਾਂ ਦੀ ਮੌਤ ਹੋ ਗਈ ਤੇ 72 ਜ਼ਖਮੀ ਹੋ ਗਏ। ਹਿੰਸਾ ਦੌਰਾਨ ਭਾਜਪਾ ਦਫਤਰ ਤੇ ਸੀ ਆਰ ਪੀ ਐੱਫ ਦੀ ਗੱਡੀ ਤੇ ਹੋਰਨਾਂ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਪ੍ਰਸ਼ਾਸਨ ਨੇ ਇਸ ਤੋਂ ਬਾਅਦ ਰੈਲੀਆਂ-ਮੁਜ਼ਾਹਰਿਆਂ ’ਤੇ ਰੋਕ ਲਾ ਦਿੱਤੀ।
10 ਸਤੰਬਰ ਤੋਂ 35 ਦਿਨਾ ਭੁੱਖ ਹੜਤਾਲ ’ਤੇ ਬੈਠੇ 15 ਲੋਕਾਂ ਵਿੱਚੋਂ ਦੋ ਬਜ਼ੁਰਗਾਂ ਦੀ ਮੰਗਲਵਾਰ ਤਬੀਅਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਬੁੱਧਵਾਰ ਬੰਦ ਦਾ ਸੱਦਾ ਦਿੱਤਾ ਸੀ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਲੇਹ ਹਿੱਲ ਕੌਂਸਲ ਦੇ ਦਫਤਰ ਅੱਗੇ ਪੁੱਜਣ ਦੀ ਅਪੀਲ ਕੀਤੀ ਗਈ। ਇਸ ਦਾ ਅਸਰ ਹੋਇਆ ਤੇ ਲੋਕ ਵੱਡੀ ਗਿਣਤੀ ’ਚ ਪੁੱਜ ਗਏ। ਪੁਲਸ ਨੇ ਕੌਂਸਲ ਦਫਤਰ ਅੱਗੇ ਬੈਰੀਕੇਡ ਲਾਏ ਹੋਏ ਸਨ। ਜਦੋਂ ਅੰਦੋਲਨਕਾਰੀ ਅੱਗੇ ਵਧੇ ਤਾਂ ਪੁਲਸ ਨੇ ਹੰਝੂ ਗੈਸ ਛੱਡੀ। ਭੀੜ ਨੇ ਪੁਲਸ ਦੀ ਗੱਡੀ ਫੂਕ ਦਿੱਤੀ ਤੇ ਭੰਨਤੋੜ ਕਰ ਦਿੱਤੀ। ਕੌਂਸਲ ਦਫਤਰ ਨੂੰ ਵੀ ਅੱਗ ਲਾ ਦਿੱਤੀ। ਪੁਲਸ ਨੇ ਅੰਦੋਲਨਕਾਰੀਆਂ ’ਤੇ ਗੋਲੀਆਂ ਚਲਾਈਆਂ। ਹਿੰਸਾ ਦੇ ਬਾਅਦ ਭੁੱਖ ਹੜਤਾਲ ਖਤਮ ਕਰਦਿਆਂ ਵਾਂਗਚੁਕ ਨੇ ਕਿਹਾ, ‘ਇਹ ਲੱਦਾਖ ਲਈ ਦੁੱਖ ਦਾ ਦਿਨ ਹੈ। ਪੁਲਸ ਗੋਲੀ ਨਾਲ ਤਿੰਨ ਤੋਂ ਪੰਜ ਮੁੰਡੇ ਮਾਰੇ ਗਏ ਹਨ ਤੇ ਕਈ ਜ਼ਖਮੀ ਹੋਏ ਹਨ। ਅਸੀਂ ਪੰਜ ਸਾਲ ਤੋਂ ਅਮਨ ਦੇ ਰਾਹ ’ਤੇ ਚੱਲ ਰਹੇ ਸੀ। ਭੁੱਖ ਹੜਤਾਲ ਕੀਤੀ, ਲੇਹ ਤੋਂ ਦਿੱਲੀ ਤੱਕ ਪੈਦਲ ਚੱਲ ਕੇ ਗਏ। ਅੱਜ ਅਸੀਂ ਅਮਨ ਦੇ ਪੈਗਾਮ ਨੂੰ ਨਾਕਾਮ ਹੁੰਦੇ ਦੇਖ ਰਹੇ ਹਾਂ। ਹਿੰਸਾ, ਗੋਲੀਬਾਰੀ ਤੇ ਅਗਜ਼ਨੀ ਹੋ ਰਹੀ ਹੈ। ਮੈਂ ਲੱਦਾਖ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਇਸ ਬੇਵਕੂਫੀ ਨੂੰ ਬੰਦ ਕਰੇ। ਪ੍ਰਸ਼ਾਸਨ ਵੀ ਜ਼ਬਤ ਦਿਖਾਏ। ਅਸੀਂ ਆਪਣੀ ਭੁੱਖ ਹੜਤਾਲ ਖਤਮ ਕਰ ਰਹੇ ਹਾਂ, ਪ੍ਰਦਰਸ਼ਨ ਰੋਕ ਰਹੇ ਹਾਂ।’
ਵਾਂਗਚੁਕ ਨੇ ਅੱਗੇ ਕਿਹਾ, ‘ਦੋਸਤੋ, ਦੋ ਭੁੱਖ ਹੜਤਾਲੀਆਂ ਨੂੰ ਹਸਪਤਾਲ ਲਿਜਾਣ ’ਤੇ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ ਜਾਗਿਆ ਤੇ ਅੱਜ ਪੂਰੇ ਲੇਹ ਵਿੱਚ ਬੰਦ ਦਾ ਐਲਾਨ ਕੀਤਾ ਗਿਆ। ਫਿਰ ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰ ਆ ਗਏ। ਕੁਝ ਲੋਕ ਸੋਚਦੇ ਹਨ ਕਿ ਇਹ ਲੋਕ ਸਾਡੇ ਹਮਾਇਤੀ ਸਨ, ਪਰ ਮੈਂ ਕਹਾਂਗਾ ਕਿ ਇਸ ਮੁੱਦੇ ’ਤੇ ਪੂਰਾ ਲੱਦਾਖ ਸਾਡਾ ਹਮਾਇਤੀ ਹੈ। ਇਹ ਨੌਜਵਾਨ ਪੀੜ੍ਹੀ ਦੀ ਭੜਾਸ ਸੀ। ਇੱਕ ਤਰ੍ਹਾਂ ਦਾ ਜੈੱਨ ਜ਼ੀ ਇਨਕਲਾਬ, ਜਿਹੜਾ ਉਨ੍ਹਾਂ ਨੂੰ ਸੜਕਾਂ ’ਤੇ ਲਿਆਇਆ। ਪੰਜ ਸਾਲਾਂ ਤੋਂ ਉਹ ਬੇਰੁਜ਼ਗਾਰ ਹਨ, ਉਨ੍ਹਾਂ ਨੂੰ ਨੌਕਰੀਆਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਲੱਦਾਖ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਤੁਸੀਂ ਨੌਜਵਾਨਾਂ ਨੂੰ ਰੁਜ਼ਗਾਰ ਨਾ ਦਿਓ ਤੇ ਫਿਰ ਉਨ੍ਹਾਂ ਦੇ ਜਮਹੂਰੀ ਹੱਕ ਵੀ ਖੋਹ ਲਓ। ਅੱਜ ਇੱਥੇ ਜਮਹੂਰੀਅਤ ਦਾ ਕੋਈ ਵੀ ਮੰਚ ਨਹੀਂ। ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦਾ ਵਚਨ ਦਿੱਤਾ ਸੀ, ਉਹ ਵੀ ਨਹੀਂ ਪੁਗਾਇਆ। ਮੈਂ ਲੱਦਾਖ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਹੋਵੇ, ਉਹ ਹਿੰਸਾ ਦੇ ਰਾਹ ’ਤੇ ਨਾ ਚੱਲਣ। ਅਸੀਂ ਕਈ ਸਾਲਾਂ ਤੋਂ ਭੁੱਖ ਹੜਤਾਲ ਕਰ ਰਹੇ ਹਾਂ ਅਤੇ ਜੇ ਅਸੀਂ ਅੰਤ ਵਿੱਚ ਹਿੰਸਾ ਕਰ ਬੈਠੇ ਤਾਂ ਸਾਰਾ ਕੀਤਾ-ਕਰਾਇਆ ਐਵੇਂ ਜਾਣਾ।’
ਮੋਦੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤੇ ਸਨ। ਲੱਦਾਖ ਦੇ ਲੋਕ ਉਦੋਂ ਤੋਂ ਹੀ ਆਪਣੀ ਜ਼ਮੀਨ, ਸੰਸ�ਿਤੀ ਤੇ ਵਸੀਲਿਆਂ ਦੀ ਰਾਖੀ ਲਈ ਰਾਜ ਦਾ ਦਰਜਾ ਮੰਗ ਰਹੇ ਹਨ। ਅੰਦੋਲਨਕਾਰੀਆਂ ਦੀਆਂ ਮੰਗਾਂ ਹਨ ਕਿ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਜਾਵੇ, ਇਕੱਲੀ ਲੱਦਾਖ ਦੀ ਥਾਂ ਕਾਰਗਿਲ ਤੇ ਲੇਹ ਦੋ ਲੋਕ ਸਭਾ ਸੀਟਾਂ ਬਣਾਈਆਂ ਜਾਣ ਅਤੇ ਸਰਕਾਰੀ ਨੌਕਰੀਆਂ ਵਿੱਚ ਸਥਾਨਕ ਲੋਕਾਂ ਦੀ ਭਰਤੀ ਕੀਤੀ ਜਾਵੇ।
ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਤੋਂ ਬਾਅਦ ਆਖਰੀ ਦਿਨ ਚਾਰ ਦਿਨਾ ਸਾਲਾਨਾ ਲੱਦਾਖ ਸਮਾਗਮ ਰੱਦ ਕਰ ਦਿੱਤਾ ਗਿਆ। ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਇਸ ਤਿਉਹਾਰ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਨ। ਪ੍ਰਸ਼ਾਸਨ ਨੇ ਅਣਚਾਹੇ ਹਾਲਾਤ ਕਾਰਨ ਲੱਦਾਖ ਫੈਸਟੀਵਲ ਦੇ ਆਖਰੀ ਦਿਨ ਅਤੇ ਸਮਾਪਤੀ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ।