ਪਾਰਟੀ ਕਾਂਗਰਸ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਕੀਤੀ ਮੰਗ

0
106

ਚੰਡੀਗੜ੍ਹ (ਗਿਆਨ ਸੈਦਪੁਰੀ)ਅੰਤਮ ਪੜਾਅ ਵਿੱਚ ਦਾਖਲ ਭਾਰਤੀ ਕਮਿਊਨਿਸਟ ਪਾਰਟੀ ਦਾ ਮਹਾਂ-ਸੰਮੇਲਨ ਵਧੇਰੇ ਸੰਜੀਦਗੀ ਧਾਰਨ ਕਰ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਵੱਲੋਂ ਪੇਸ਼ ਕੀਤੇ ਜਾ ਚੁੱਕੇ ਸਿਆਸੀ ਪ੍ਰਸਤਾਵ ’ਤੇ ਚੱਲ ਰਹੀ ਵਿਚਾਰ-ਚਰਚਾ ਬੁੱਧਵਾਰ ਨੂੰ ਵੀ ਜਾਰੀ ਰਹੀ। ਪ੍ਰਸਤਾਵ ’ਤੇ ਪਿਛਲੇ ਦਿਨ ਹੋਈ ਬਹਿਸ ਵਾਂਗ ਹੀ ਡੈਲੀਗੇਟਾਂ ਨੇ ਜਿੱਥੇ ਉਸਾਰੂ ਆਲੋਚਨਾ ਕੀਤੀ, ਉੱਥੇ ਪ੍ਰਸਤਾਵ ਵਿੱਚ ਵਾਧਾ ਕਰਨ ਲਈ ਮੁੱਲਵਾਨ ਸੁਝਾਅ ਵੀ ਦਿੱਤੇ। ਮਸਲਨ ਇੱਕ ਬੁਲਾਰੇ ਨੇ ਸੁਝਾਅ ਦਿੱਤਾ ਕਿ ਉਰਦੂ ਭਾਸ਼ਾ ਪਿੱਛੇ ਧੱਕੀ ਜਾ ਰਹੀ ਹੈ, ਇਸ ਮਸਲੇ ਨੂੰ ਵੀ ਉਭਾਰਿਆ ਜਾਣਾ ਚਾਹੀਦਾ ਹੈ, ਤਾਂ ਕਿ ਉਰਦੂ ਨੂੰ ਉਸ ਦੇ ਮਹੱਤਵ ਵਾਲੀ ਥਾਂ ਮਿਲ ਸਕੇ। 25ਵੇਂ ਮਹਾਂ-ਸੰਮੇਲਨ ਦੇ ਤੀਜੇ ਦਿਨ ਮੌਜੂਦਾ ਭਾਰਤੀ ਸਿਆਸਤ, ਸਨਅਤੀ ਸੈਕਟਰ, ਮਗਨਰੇਗਾ ਅਤੇ ਦਲਿਤ ਸਮੱਸਿਆਵਾਂ ਬਾਰੇ ਮਹੱਤਵਪੂਰਨ ਮਤੇ ਪਾਸ ਕੀਤੇ ਗਏ।
ਪੰਜਾਬ ਦੇ ਸੰਦਰਭ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਨ ਦੇ ਸੰਬੰਧ ਵਿੱਚ ਸ਼ਰਧਾਂਜਲੀ ਮਤਾ ਪੇਸ਼ ਕਰਦਿਆਂ ਗੁਰੂ ਜੀ ਦੀ ਸ਼ਹਾਦਤ ਨੂੰ ਅਦੁੱਤੀ ਦੱਸਿਆ ਗਿਆ। ਪਾਰਟੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਨੇ ਸਾਨੂੰ ਤੇ ਸਾਰੀ ਮਨੁੱਖਤਾ ਨੂੰ ਅਨਿਆਂ ਤੇ ਤਾਨਾਸ਼ਾਹੀ ਵਿਰੁੱਧ ਲੜਨਾ ਸਿਖਾਇਆ। ਸਾਨੂੰ ਉਹਨਾ ਇਹ ਸਿੱਖਿਆ ਦਿੱਤੀ ਕਿ ਨਾ ਤਾਂ ਸਾਨੂੰ ਕਿਸੇ ਦਾ ਭੈਅ ਮੰਨਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਨੂੰ ਭੈਅ ਵਿੱਚ ਪਾਉਣਾ ਚਾਹੀਦਾ ਹੈ। ਪਾਰਟੀ ਨੇ ਗੁਰੂ ਸਾਹਿਬ ਨੂੰ ਸਿਦਕ, ਹੌਸਲੇ ਅਤੇ ਬਹਾਦਰੀ ਦਾ ਮੁਜੱਸਮਾ ਦੱਸਦਿਆਂ ਉਨ੍ਹਾ ਦੀ ਮਹਾਨ ਵਿਦਵਤਾ ਦਾ ਵੀ ਜ਼ਿਕਰ ਕੀਤਾ। ਪਾਰਟੀ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਮਹਾਨ ਰਹਿਬਰ ਸਨ। ਉਨ੍ਹਾ ਸਾਨੂੰ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਦਾ ਪਾਠ ਪੜਾਇਆ। ਪਾਰਟੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਇਤਿਹਾਸ ਦੀ ਮਹਾਨ ਘਟਨਾ ਦੱਸਦਿਆਂ ਉਹਨਾ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਮਜ਼ਲੂਮਾਂ ਦੇ ਹੱਕਾਂ ਲਈ ਲੜਨ ਦਾ ਅਹਿਦ ਕੀਤਾ। ਪਾਰਟੀ ਨੇ ਇੱਕ ਹੋਰ ਮਤੇ ਵਿੱਚ ਕਿਹਾ ਕਿ ਦੇਸ਼ ਦਾ ਸੰਘੀ ਢਾਂਚਾ ਖਤਰੇ ਵਿੱਚ ਹੈ ਅਤੇ ਸੂਬਿਆਂ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। 16ਵੇਂ ਵਿੱਤ ਕਮਿਸ਼ਨ ਨੇ ਸੂਬਿਆਂ ਦਾ ਵਿੱਤੀ ਹਿੱਸਾ ਹੋਰ ਘਟਾ ਦਿੱਤਾ ਹੈ, ਜਦੋਂ ਕਿ ਕੇਂਦਰ ਸਰਕਾਰ ਵੱਲੋਂ ਲਾਏ ਜਾ ਰਹੇ ਸੈੱਸ 23.4 ਫੀਸਦੀ ਤੱਕ ਪਹੁੰਚ ਗਏ ਹਨ। ਉਹਨਾਂ ਵਿੱਚੋਂ ਸੂਬਿਆਂ ਨੂੰ ਕੋਈ ਹਿੱਸਾ ਨਹੀਂ ਮਿਲਦਾ।
ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬੀ ਬਾਰੇ ਇੱਕ ਮਤਾ ਪੇਸ਼ ਕੀਤਾ। ਉਹਨਾ ਕਿਹਾ ਕਿ ਚੰਡੀਗੜ੍ਹ ਵਸਾਉਣ ਵੇਲੇ ਪੰਜਾਬ ਦੇ 22 ਪਿੰਡਾਂ ਨੂੰ ਉਜਾੜਿਆ ਗਿਆ ਸੀ। ਉਹਨਾ ਕਿਹਾ ਕਿ ਚੰਡੀਗੜ੍ਹ ਦੇ 13 ਲੱਖ ਲੋਕ ਆਪਣੀ ਭਾਸ਼ਾ/ ਬੋਲੀ ਪੰਜਾਬੀ ਲਿਖਾਉਦੇ ਹਨ, ਪਰ ਸਰਕਾਰੀ ਪੱਧਰ ’ਤੇ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾ ਮੰਗ ਕੀਤੀ ਕਿ ਪੰਜਾਬ ਦੀ ਰਾਜਧਾਨੀ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਦਫਤਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ।
ਇੱਕ ਹੋਰ ਮਤੇ ਰਾਹੀਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਸੁਖਦੇਵ ਸਿੰਘ ਸਿਰਸਾ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਵਿਚਾਰਧਾਰਕ ਪਰਪੱਕਤਾ ਸਭ ਤੋਂ ਜ਼ਰੂਰੀ ਹੁੰਦੀ ਹੈ। ਉਹਨਾ ਕਿਹਾ ਕਿ ਕਿਸੇ ਲਿਖਤ ਦਾ ਮਹੱਤਵ ਤਦ ਹੀ ਹੁੰਦਾ ਹੈ, ਜਦੋਂ ਉਸ ਅੰਦਰਲੀ ਵਿਚਾਰਧਾਰਾ ਸਪੱਸ਼ਟ ਹੋਵੇ। ਉਹਨਾਂ ਕਿਹਾ ਕਿ ਕਈ ਸਾਥੀ ਸੱਭਿਆਚਾਰ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾ ਦਿੱਲੀ ਤੇ ਹੋਰ ਸੂਬਿਆਂ ਵਿੱਚ ਕੰਮ ਚਲਾਉਣ ਲਈ ਦਫ਼ਤਰ ਬਣਾਉਣ ਦੀ ਮੰਗ ਕੀਤੀ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆਂ ਨੇ ਮਗਨਰੇਗਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਬੰਧੀ ਇੱਕ ਮਤਾ ਪੇਸ਼ ਕੀਤਾ। ਉਹਨਾ ਕਿਹਾ ਕਿ ਪਾਰਟੀ ਕਾਂਗਰਸ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਮਗਨਰੇਗਾ ਦਾ ਬਜਟ ਤਸੱਲੀਬਖਸ਼ ਜਾਰੀ ਕਰੇ।
ਡਾਕਟਰਾਂ ਦੀ ਸਿਰਮੌਰ ਜਥੇਬੰਦੀ ਵੱਲੋਂ ਡਾਕਟਰ ਅਰੁਣ ਮਿਤਰਾ ਨੇ ਮਤਾ ਪੇਸ਼ ਕੀਤਾ। ਇਸੇ ਤਰ੍ਹਾਂ ਸੁਰਿੰਦਰ ਪਾਲ ਸਿੰਘ ਲਹੌਰੀਆ ਨੇ ਪਾਵਰ ਸੈਕਟਰ ਵੱਲੋਂ ਮਤਾ ਪੇਸ਼ ਕੀਤਾ। ਖਬਰ ਲਿਖੇ ਜਾਣ ਤੱਕ ਸਮਾਗਮ ਜਾਰੀ ਸੀ।