ਮਹਾਂ-ਸੰਮੇਲਨ ਉਤਸ਼ਾਹੀ ਤੇ ਸਾਰਥਿਕ ਸਿੱਟੇ ਕੱਢੇਗਾ : ਬਰਾੜ, ਅਰਸ਼ੀ

0
106

ਚੰਡੀਗੜ੍ਹ (ਗਿਆਨ ਸੈਦਪੁਰੀ)- ਇਹ ਸਤਰਾਂ ਲਿਖਣ ਵੇਲੇ ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਦੀ ਸਮਾਪਤੀ ਲਈ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਹੈ।। ਜਨਰਲ ਸਕੱਤਰ ਦੀ ਚੋਣ ਤੋਂ ਇਲਾਵਾ ਬਾਕੀ ਸਾਰਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਾ ਹੈ। ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਹੁਰਾਂ ਦੇ ਸੰਖੇਪ ਰੂਪ ਵਿੱਚ ਪ੍ਰਭਾਵ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਦੋਹਾਂ ਆਗੂਆਂ ਨੇ ਕਿਹਾ ਕਿ ਪਾਰਟੀ ਕਾਂਗਰਸ ਪੂਰੀ ਤਰ੍ਹਾਂ ਸਫਲ ਹੈ। ਡੈਲੀਗੇਟਾਂ ਦੀ ਸੰਜੀਦਗੀ ਤੇ ਉਤਸ਼ਾਹ ਦੱਸਦਾ ਹੈ ਕਿ ਜਿੱਥੇ ਲਏ ਗਏ ਨਿਰਣੇ ਹੇਠਲੇ ਪੱਧਰ ਤੱਕ ਲਾਗੂ ਹੋਣਗੇ, ਉਥੇ ਚੁਣੌਤੀਆਂ ਬੇਸ਼ੱਕ ਵੱਡੀਆਂ ਹਨ, ਪਰ ਇਸ ਪਾਰਟੀ ਕਾਂਗਰਸ ਦੌਰਾਨ ਮੰਜ਼ਰ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ, ਜਿਵੇਂ ਕਾਮਰੇਡਾਂ ਨੇ ਮੁਸੀਬਤ ਨੂੰ ਮੌਕੇ ਬਣਾਉਣ ਦਾ ਇਰਾਦਾ ਬਣਾ ਲਿਆ ਹੈ। ਭਾਜਪਾ ਅਤੇ ਆਰ ਐੱਸ ਐੱਸ ਦੇ ਹਿੰਦੂਤਵ ਦੇ ਏਜੰਡੇ ਅਤੇ ਸੰਪਰਦਾਇਕਤਾ ਦੀ ਨਫਰਤ ਫੈਲਾਉਣ ਦੀ ਬਦਨੀਤੀ ਵਿਰੁੱਧ ਕਮਿਊਨਿਸਟ ਕਾਰਕੁਨਾਂ ਦੇ ਮਨਾਂ ਅੰਦਰ ਉੱਠ ਰਹੇ ਰੋਹ ਦਾ ਅਹਿਸਾਸ ਸਪੱਸ਼ਟ ਨਜ਼ਰ ਆ ਰਿਹਾ ਹੈ।ਦੋਹਾਂ ਆਗੂਆਂ ਨੇ ਪੂਰਨ ਆਸ ਪ੍ਰਗਟ ਕੀਤੀ ਕਿ ਚੱਲ ਰਹੇ ਮਹਾਂ-ਸੰਮੇਲਨ ਦੇ ਉਤਸ਼ਾਹੀ ਤੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ।