ਗੌਹਰ ਰਜ਼ਾ ਨਾਲ ਬਦਸਲੂਕੀ

0
106

ਉੱਘੇ ਭਾਰਤੀ ਵਿਗਿਆਨੀ, ਕਵੀ ਤੇ ਸਮਾਜੀ ਕਾਰਕੁਨ ਗੌਹਰ ਰਜ਼ਾ ਨੇ ਮੰਗਲਵਾਰ ਆਈ ਆਈ ਟੀ-ਬੀ ਐੱਚ ਯੂ (ਵਾਰਾਨਸੀ) ਦੇ ਲਿਟ ਕਲੱਬ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਬੋਲਣਾ ਸੀ। ਪ੍ਰੋਗਰਾਮ ਦਾ ਉਨਵਾਨ ਸੀ ‘ਸਾਹਿਤ, ਵਿਗਿਆਨ ਤੇ ਚੇਤਨਤਾ ਦਾ ਮੇਲ’। ਰਜ਼ਾ ਨੇ ਵਿਦਿਆਰਥੀਆਂ ਤੇ ਹੋਰਨਾਂ ਨਾਲ ਆਨਲਾਈਨ ਜੁੜ ਕੇ ਚਰਚਾ ਕਰਨੀ ਸੀ। ਪੋ੍ਰਗਰਾਮ ਦੀ ਸ਼ੁਰੂਆਤ ਸ਼ਾਮੀਂ ਛੇ ਵਜੇ ਤੈਅ ਸੀ, ਪਰ ਮੰਗਲਵਾਰ ਸਵੇਰੇ ਰਜ਼ਾ ਨੂੰ ਈ-ਮੇਲ ਕਰਕੇ ਸੂਚਨਾ ਦਿੱਤੀ ਗਈ ਕਿ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇੱਕ ਆਯੋਜਕ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਦੱਸ ਨਹੀਂ ਸਕਦਾ, ਉਸ ’ਤੇ ਉੱਪਰੋਂ ਕਾਫੀ ਦਬਾਅ ਸੀ, ਰਾਤੋ-ਰਾਤ ਪ੍ਰੋਗਰਾਮ ਰੱਦ ਕਰਨਾ ਪਿਆ। ਰਜ਼ਾ ਮੁਤਾਬਕ ਆਯੋਜਕਾਂ ਨੇ ਉਨ੍ਹਾ ਨੂੰ ਈ-ਮੇਲ ਵਿੱਚ ਦੱਸਿਆ ਕਿ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਪ੍ਰੋਗਰਾਮ ਰੱਦ ਕਰਨਾ ਪਿਆ ਹੈ।
ਅਸਲ ਵਿੱਚ ਕਿਸੇ ਪ੍ਰੋਫੈਸਰ ਦੇ ਰਜ਼ਾ ਦੇ ਨਾਂਅ ’ਤੇ ਇਤਰਾਜ਼ ਕਰਨ ’ਤੇ ਪ੍ਰੋਗਰਾਮ ਰੱਦ ਕੀਤਾ ਗਿਆ। ਉਹ ਨਹੀਂ ਚਾਹੁੰਦਾ ਸੀ ‘ਰਾਸ਼ਟਰ-ਵਿਰੋਧੀ’ ਰਜ਼ਾ ਵਿਦਿਆਰਥੀਆਂ ਨੂੰ ਸੰਬੋਧਨ ਕਰਨ। ਗੌਹਰ ਰਜ਼ਾ ਨੇ 25-30 ਕੁ ਲੋਕਾਂ ਨੂੰ ਹੀ ਸੰਬੋਧਨ ਕਰਨਾ ਸੀ। ਜੇ ਉਹ ਸੰਬੋਧਨ ਕਰ ਵੀ ਲੈਂਦੇ ਤਾਂ ਸਰਕਾਰ ਨਹੀਂ ਸੀ ਡਿੱਗ ਚੱਲੀ, ਪਰ ਯੋਗੀ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਗੌਹਰ ਰਜ਼ਾ ਨਾਂਅ ਦਾ ਸ਼ਖਸ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈਕਚਰ ਦੇਵੇ।
ਗੌਹਰ ਰਜ਼ਾ ਵਾਂਗ ਹੀ ਬੀਤੇ ਦਿਨੀਂ ਉੱਘੇ ਗੀਤਕਾਰ ਜਾਵੇਦ ਅਖਤਰ ਦਾ ਕੋਲਕਾਤਾ ਵਿੱਚ ਇੱਕ ਸਾਹਿਤਕ ਪ੍ਰੋਗਰਾਮ ਰੱਦ ਕੀਤਾ ਗਿਆ ਸੀ, ਕਿਉਕਿ ਮੁਸਲਮ ਰੂੜ੍ਹੀਵਾਦੀਆਂ ਨੂੰ ਉਨ੍ਹਾ ਦੀ ਹਾਜ਼ਰੀ ਪਸੰਦ ਨਹੀਂ ਸੀ। ‘ਨਾ ਟਾਲੇ ਜਾ ਸਕਣ ਵਾਲੇ ਕਾਰਨ’ ਦੱਸ ਕੇ ਪ੍ਰੋਗਰਾਮ ਰੱਦ ਕਰਨਾ ਆਮ ਹੋ ਗਿਆ ਹੈ। ਹਾਕਮ ਨਹੀਂ ਚਾਹੁੰਦੇ ਕਿ ਵਿਦਿਆਰਥੀ ਸਮਾਜੀ ਤੌਰ ’ਤੇ ਚੇਤੰਨ ਹੋ ਕੇ ਸਵਾਲ ਕਰਨ ਵਾਲੇ ਬਣਨ। ਉਹ ਚਾਹੁੰਦੇ ਹਨ ਕਿ ਲੋਕ ਅੰਨੇ੍ਹ ਭਗਤ ਬਣੇ ਰਹਿਣ ਅਤੇ ਉਹ ਜੋ ਲੈਕਚਰ ਦਿੰਦੇ ਹਨ, ਉਸ ਨੂੰ ਸਤ ਬਚਨ ਸਮਝ ਕੇ ਉਸ ਮੁਤਾਬਕ ਹੀ ਚਲਦੇ ਰਹਿਣ।