ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਡੀ ਟੀ ਸੀ ਵੱਲੋਂ 1000 ਲੋ-ਫਲੋਰ ਬੱਸਾਂ ਦੀ ਖਰੀਦ ’ਚ ਕਥਿਤ ਭਿ੍ਰਸ਼ਟਾਚਾਰ ਦੀ ਜਾਂਚ ਲਈ ਸੀ ਬੀ ਆਈ ਨੂੰ ਸ਼ਿਕਾਇਤ ਭੇਜਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਜੂਨ ’ਚ ਸਕਸੈਨਾ ਨੂੰ ਭੇਜੀ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਨੇ ਬੱਸਾਂ ਦੀ ਟੈਂਡਰਿੰਗ ਅਤੇ ਖਰੀਦ ਲਈ ਬਣਾਈ ਕਮੇਟੀ ਦੇ ਚੇਅਰਮੈਨ ਵਜੋਂ ਟਰਾਂਸਪੋਰਟ ਮੰਤਰੀ ਨੂੰ ਯੋਜਨਾਬੱਧ ਢੰਗ ਨਾਲ ਨਿਯੁਕਤ ਕੀਤਾ ਸੀ। ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਇਸ ਟੈਂਡਰ ਲਈ ਬੋਲੀ ਮੈਨੇਜਮੈਂਟ ਕੰਸਲਟੈਂਟ ਵਜੋਂ ਡੀ ਆਈ ਐੱਮ ਟੀ ਐੱਸ ਦੀ ਨਿਯੁਕਤੀ ਗਲਤ ਕੰਮਾਂ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।
ਸਕਸੈਨਾ ਵੱਲੋਂ ਸੀ ਬੀ ਆਈ ਜਾਂਚ ਨੂੰ ਆਪਣੀ ਮਨਜ਼ੂਰੀ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ’ਤੇ ਵਿਅੰਗ ਕਰਦਿਆਂ ਕਿਹਾਦਿੱਲੀ ਨੂੰ ਚੰਗੇ ਪੜ੍ਹੇ-ਲਿਖੇ ਐੱਲ ਜੀ ਦੀ ਲੋੜ ਹੈ। ਐੱਲ ਜੀ ਆਪ ਕਈ ਗੰਭੀਰ ਭਿ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਤੇ ਉਨ੍ਹਾ ਆਪਣੇ ਵੱਲੋਂ ਧਿਆਨ ਹਟਾਉਣ ਲਈ ਅਜਿਹੀਆਂ ਕਈ ਪੜਤਾਲਾਂ ਕਰਵਾਉਣ ਦੇ ਹੁਕਮ ਦਿੱਤੇ ਹਨ, ਪਰ ਹਾਲੇ ਤੱਕ ਸਾਰੀਆਂ ਹੀ ਕੂੜੇ ਦੇ ਢੇਰ ’ਚ ਗਈਆਂ ਹਨ।


