ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਐਤਵਾਰ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀ ਕਪਿਲ ਪੰਡਤ ਅਤੇ ਰਜਿੰਦਰ ਜੋਕਰ ਫਰਜ਼ੀ ਦਸਤਾਵੇਜ਼ਾਂ ਨਾਲ ਦੁਬਈ ਭੱਜਣ ਦੀ ਤਿਆਰੀ ’ਚ ਸਨ। ਤਿੰਨਾਂ ਨੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ ’ਤੇ ਭੱਜਣਾ ਸੀ। ਬਰਾੜ ਨੇ ਕਪਿਲ ਅਤੇ ਜੋਕਰ ਨੂੰ ਮੁੰਡੀ ਨੂੰ ਭਜਾਉਣ ’ਚ ਮਦਦ ਕਰਨ ਦਾ ਕੰਮ ਸੌਂਪਿਆ ਸੀ। ਉਹ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ’ਚ ਛੁਪਣਗਾਹਾਂ ’ਤੇ ਰਹੇ।
ਯਾਦਵ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕਪਿਲ ਨੇ ਇਸ ਤੋਂ ਪਹਿਲਾਂ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਅਤੇ ਉਸ ਦੀਆਂ ਸਰਗਰਮੀਆਂ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਪੁਲਸ ਨੇ ਇਸ ਤੋਂ ਪਹਿਲਾਂ ਗੈਂਗਸਟਰ ਨਹਿਰਾ ਨੂੰ ਸਲਮਾਨ ਖਾਨ ’ਤੇ ਹਮਲਾ ਕਰਨ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ। ਯਾਦਵ ਨੇ ਕਿਹਾ ਕਿ ਕਪਿਲ ਨੇ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਸਲਮਾਨ ਖਾਨ ਦੀ ਰੇਕੀ ਕੀਤੀ ਸੀ। ਡੀ ਜੀ ਪੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਸ ਨੇ ਮੂਸੇਵਾਲਾ ਕੇਸ ’ਚ 35 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿਚ ਤਾਜ਼ਾ ਤਿੰਨ ਗਿ੍ਰਫਤਾਰੀਆਂ ਵੀ ਸ਼ਾਮਲ ਹਨ। ਇਸੇ ਦੌਰਾਨ ਮਾਨਸਾ ਦੀ ਅਦਾਲਤ ਨੇ ਦੀਪਕ ਮੁੰਡੀ, ਕਪਿਲ ਪੰਡਤ ਤੇ ਰਾਜਿੰਦਰ ਨੂੰ 17 ਸਤੰਬਰ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਤਿੰਨਾਂ ਮੁਲਜ਼ਮਾਂ ਨੂੰ ਪੁਲਸ ਵੱਲੋਂ ਖਰੜ ਲਿਆ ਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ।




