ਪਟਨਾ (ਨ ਜ਼ ਸ)-ਬਿਹਾਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮੰਡਾਰ ਹਿੱਲ ‘ਤੇ ਨੌਜਵਾਨਾਂ ਦੇ ਗਰੁੱਪ ਵੱਲੋਂ ਮੁਟਿਆਰ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋਏ ਦਿਖਾਇਆ ਗਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਜਮੂਈ ਅਤੇ ਸਮਸਤੀਪੁਰ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਇਨ੍ਹਾਂ ਘਟਨਾਵਾਂ ਨੂੰ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਸਰਕਾਰ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ। ਪਾਸਵਾਨ ਨੇ ਕਿਹਾ ਕਿ ਇਸ ਮੁੱਦੇ ਨੂੰ ਸਿਰਫ ਗ੍ਰਿਫਤਾਰੀਆਂ ਜਾਂ ਮੁਕਾਬਲਿਆਂ ਨਾਲ ਨਹੀਂ ਹੱਲ ਕੀਤਾ ਜਾ ਸਕਦਾ ਅਤੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ। ਉਨ੍ਹਾ ਕਿਹਾ, ”ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਸਾਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਨੂੰ ਜ਼ਮੀਨ ਵਿੱਚ ਗਰਕਣ ਵਰਗਾ ਮਹਿਸੂਸ ਹੋਵੇ।”
ਅਪੋਜ਼ੀਸ਼ਨ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਲਗਾਤਾਰ ਤਿੰਨ ਘਟਨਾਵਾਂ ਦਰਸਾਉਂਦੀਆਂ ਹਨ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਯਾਦਵ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਅਪਰਾਧਕ ਮਾਮਲਿਆਂ ਨਾਲ ਨਜਿੱਠਣ ਵੇਲੇ ਦੋਸ਼ੀਆਂ ਦੀ ਜਾਤੀ ਅਤੇ ਸਮਾਜਿਕ ਪਿਛੋਕੜ ਤੋਂ ਪ੍ਰਭਾਵਤ ਹੁੰਦਾ ਹੈ।
ਪੁਲਸ ਨੇ ਕਿਹਾ ਕਿ 22 ਸਤੰਬਰ ਨੂੰ ਵਟਸਐਪ ਰਾਹੀਂ ਪ੍ਰਾਪਤ ਹੋਏ ਵੀਡੀਓ ਦਾ ਨੋਟਿਸ ਲੈਣ ਤੋਂ ਬਾਅਦ ਬਾਂਕਾ ਜ਼ਿਲ੍ਹੇ ਦੇ ਬੌਂਸੀ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਫੁਟੇਜ 3 ਜੂਨ ਨੂੰ ਰਿਕਾਰਡ ਕੀਤੀ ਗਈ ਜਾਪਦੀ ਹੈ, ਅਤੇ ਇਸਦੀ ਜਾਂਚ ਚੱਲ ਰਹੀ ਹੈ।
ਐੱਫ ਆਈ ਆਰ ਦੇ ਅਨੁਸਾਰ ਮੁਟਿਆਰ ਦੋ ਦੋਸਤਾਂ ਨਾਲ ਮੰਡਾਰ ਹਿੱਲ ਗਈ ਸੀ ਜਦੋਂ ਤਿੰਨ ਨੌਜਵਾਨਾਂ ਨੇ ਉਨ੍ਹਾਂ ਨਾਲ ਅਸ਼ਲੀਲ ਸਲੂਕ ਕੀਤਾ ਤੇ ਧਮਕੀਆਂ ਦਿੱਤੀਆਂ। ਇੱਕ ਮੁਲਜ਼ਮ ਅਬਦੁੱਲਾ ਨੇ ਮੁਟਿਆਰ ਦੇ ਇੱਕ ਦੋਸਤ ਦੇ ਖਾਤੇ ਵਿੱਚੋਂ 1,500 ਰੁਪਏ ਆਨਲਾਈਨ ਟ੍ਰਾਂਸਫਰ ਕਰਵਾਏ ਅਤੇ ਫਿਰ ਉਸਨੂੰ ਜਾਣ ਦਿੱਤਾ। ਬਾਕੀ ਮੁਲਜ਼ਮਾਂ ਦੀ ਪਛਾਣ ਨਿਤੀਸ਼ ਕੁਮਾਰ ਰਾਏ ਅਤੇ ਵਿਕਾਸ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਲੋਕਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਕਥਿਤ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸਾਰਤ ਕੀਤਾ ਅਤੇ ਮੁਟਿਆਰ ਦੀ ਪਛਾਣ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ।



