ਚੰਡੀਗੜ੍ਹ (ਗਿਆਨ ਸੈਦਪੁਰੀ)
ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਜਗਰੂਪ ਨੇ ਕਿਹਾ ਕਿ ਪੂਰੇ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਦੇ ਸੌ ਸਾਲ ਪੂਰੇ ਹੋਣ ਦੇ ਮੌਕੇ ਹੋਈ ਹੈ। ਪੰਜਾਬ ਲਈ ਇਹ ਹੋਰ ਵੀ ਗੌਰਵਮਈ ਹੈ ਕਿ ਮਹਾਂ-ਸੰਮੇਲਨ ਇਸ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਇਆ ਹੈ। ਇਹ ਮਹਾਂ-ਸੰਮੇਲਨ ਪੂਰੀ ਤਰ੍ਹਾਂ ਸਫਲ ਰਿਹਾ ਹੈ। ਖੁਸ਼ੀ ਵਾਲੀ ਇਹ ਗੱਲ ਵੀ ਹੈ ਕਿ ਇਸ ਵੱਡੇ ਬਜਟ ਵਾਲੇ ਸੰਮੇਲਨ ਲਈ ਪਾਰਟੀ ਕਾਰਕੁਨਾਂ ਤੇ ਸਮਰਥਕਾਂ ਨੇ ਮਾਲੀ ਸਹਿਯੋਗ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।ਇਸ ਪਾਰਟੀ ਕਾਂਗਰਸ ਨੂੰ ਰੌਣਕੀਲੀ ਤੇ ਖੂਬਸੂਰਤ ਦਿੱਖ ਦੇਣ ਲਈ ‘ਬਨੇਗਾ’ ਦੇ ਨੌਜਵਾਨ ਮੁੰਡੇ-ਕੁੜੀਆਂ ਨੇ ਕਮਾਲ ਦੀ ਕਲਾ ਦਾ ਇਸਤੇਮਾਲ ਕੀਤਾ। ਪਾਰਟੀ ਨੌਜਵਾਨਾਂ ਦਾ ਕੰਮ ਵੇਖ ਕੇ ਸਕੂਨ ਮਹਿਸੂਸ ਕਰਦੀ ਹੈ ਕਿ ਪਾਰਟੀ ਦਾ ਭਵਿੱਖ ਜਵਾਨੀ ਦੇ ਹੱਥਾਂ ’ਚ ਸੁਰੱਖਿਅਤ ਹੈ।





