ਕੇਂਦਰੀ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਦੇ ‘ਟਾਈਮ ਯੂਜ਼ ਸਰਵੇ’ ਮੁਤਾਬਕ 2024 ਵਿੱਚ ਬਿਨਾਂ ਭੁਗਤਾਨ ਵਾਲੇ ਕੰਮ ’ਚ ਮਹਿਲਾਵਾਂ ਦੀ ਹਿੱਸੇਦਾਰੀ 84 ਫੀਸਦੀ ਸੀ। ਇਹ ਗੈਰ-ਭੁਗਤਾਨ ਵਾਲੇ ਕੰਮ ਕਿਹੜੇ ਹੋ ਸਕਦੇ ਹਨ? ਯਕੀਨਨ ਹੀ ਸਭ ਤੋਂ ਵੱਡਾ ਹਿੱਸਾ ਘਰੇਲੂ ਕੰਮਾਂ ਦਾ ਹੁੰਦਾ ਹੈ, ਜਿਨ੍ਹਾਂ ਵਿੱਚ ਰਸੋਈ ਤੋਂ ਲੈ ਕੇ ਪੂਰਾ ਘਰ ਸੰਭਾਲਣਾ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਦੇਖਭਾਲ ਸ਼ਾਮਲ ਹੁੰਦੇ ਹਨ। ਅਸੀਂ ਆਮ ਤਜਰਬੇ ਦੇ ਆਧਾਰ ’ਤੇ ਜਾਣਦੇ ਹਾਂ ਕਿ ਮਹਿਲਾਵਾਂ ਬਿਨਾਂ ਭੁਗਤਾਨ ਦੇ ਘਰਾਂ ਵਿੱਚ ਕੰਮ ਕਰਦਿਆਂ ਪੂਰੀ ਜ਼ਿੰਦਗੀ ਲੰਘਾ ਦਿੰਦੀਆਂ ਹਨ। ਇਹ ਉਹ ਘਰੇਲੂ ਕੰਮ ਹੀ ਹਨ, ਜਿਨ੍ਹਾਂ ਕਾਰਨ ਮਹਿਲਾਵਾਂ ਉਜਰਤ ਭੁਗਤਾਨ ਵਾਲੇ ਕੰਮਾਂ ਵਿੱਚ ਹਿੱਸੇਦਾਰੀ ਨਹੀਂ ਕਰ ਪਾਉਦੀਆਂ। ਘਰੇਲੂ ਕੰਮ ਦੇ ਦਬਾਅ ਕਾਰਨ ਮਹਿਲਾਵਾਂ ਦੀ ਮੁਹਾਰਤ ਹਾਸਲ ਕਰਨ ਵਾਲੀਆਂ ਸਰਗਰਮੀਆਂ ਵਿੱਚ ਹਿੱਸੇਦਾਰੀ ਵੀ ਘਟ ਜਾਂਦੀ ਹੈ।
ਉਪਰੋਕਤ ਸਰਵੇ ਇਹ ਵੀ ਦੱਸਦਾ ਹੈ ਕਿ ਮਾਰਚ 2024 ਤੱਕ ਹਾਸਲ ਅੰਕੜਿਆਂ ਵਿੱਚ ਭੁਗਤਾਨ ਯੋਗ ਕੰਮ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਸਿਰਫ 20.5 ਫੀਸਦੀ ਸੀ ਤੇ ਮਰਦਾਂ ਦੀ 60.5 ਫੀਸਦੀ। ਇਨ੍ਹਾਂ ਅੰਕੜਿਆਂ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਕੁਝ ਹੈਰਾਨ ਕਰਨ ਵਾਲੇ ਤੱਥ ਨਜ਼ਰ ਆਏ ਹਨ। ਪਿੰਡਾਂ ਵਿੱਚ ਮਹਿਲਾਵਾਂ ਦੀ ਭੁਗਤਾਨ ਯੋਗ ਹਿੱਸੇਦਾਰੀ 21.8 ਫੀਸਦੀ, ਜਦਕਿ ਮਰਦਾਂ ਦੀ 60.1 ਫੀਸਦੀ ਸੀ। ਸ਼ਹਿਰਾਂ ਵਿੱਚ ਕ੍ਰਮਵਾਰ 18.0 ਤੇ 61.2 ਫੀਸਦੀ ਸੀ। ਪਿੰਡਾਂ ਵਿੱਚ ਗੈਰ-ਭੁਗਤਾਨ ਵਾਲੇ ਕੰਮਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 84.4 ਫੀਸਦੀ ਤੇ ਸ਼ਹਿਰਾਂ ਵਿੱਚ 82.8 ਫੀਸਦੀ ਸੀ। ਮਰਦਾਂ ਦੀ ਕ੍ਰਮਵਾਰ 47.4 ਤੇ 42.4 ਫੀਸਦੀ ਸੀ। ਮਹਿਲਾਵਾਂ ਦੇ ਸੰਦਰਭ ਵਿੱਚ ਪਿੰਡਾਂ ਤੇ ਸ਼ਹਿਰਾਂ ’ਚ ਉਸ ਤਰ੍ਹਾਂ ਦਾ ਫਰਕ ਨਹੀਂ ਦਿਸਦਾ, ਜਿਸ ਤਰ੍ਹਾਂ ਦਾ ਫਰਕ ਮਰਦਾਂ ਦੇ ਸੰਦਰਭ ਵਿੱਚ ਦਿਸਦਾ ਹੈ।
ਇੱਕ ਪੂੰਜੀਵਾਦੀ ਸਮਾਜੀ ਤੇ ਆਰਥਿਕ ਸੰਰਚਨਾ ਵਿੱਚ ਕਿਰਤ ਦੀ ਹਿੱਸੇਦਾਰੀ, ਉਸ ਦਾ ਭੁਗਤਾਨ, ਪੂੰਜੀ ਨਿਰਮਾਣ ਤੇ ਉਸ ਦੀਆਂ ਸਰਗਰਮੀਆਂ ਮੁੱਖ ਧੁਰੀ ਹੁੰਦੀਆਂ ਹਨ। ਭਾਰਤ ਵਿੱਚ ਇਸ ਦੀ ਸੰਰਚਨਾ ਕੁਝ ਵੱਖਰੀ ਤਰ੍ਹਾਂ ਦੀ ਹੈ। ਅਮਰੀਕਾ ਤੇ ਯੂਰਪ, ਇੱਥੋਂ ਤੱਕ ਕਿ ਚੀਨ ਤੇ ਦੱਖਣੀ ਕੋਰੀਆ ਤੱਕ ਵਿੱਚ ਮਹਿਲਾਵਾਂ ਦੀ ਕਿਰਤ ਵਿੱਚ ਹਿੱਸੇਦਾਰੀ ਦਾ ਪੈਟਰਨ ਉਸ ਤਰ੍ਹਾਂ ਦਾ ਨਹੀਂ, ਜਿਸ ਤਰ੍ਹਾਂ ਦਾ ਭਾਰਤ ’ਚ ਹੈ। ਇੱਥੋਂ ਦੀਆਂ ਮਹਿਲਾਵਾਂ ’ਤੇ ਘਰੇਲੂ ਕੰਮ ਦਾ ਦਬਾਅ ਤੇ ਗੈਰ-ਭੁਗਤਾਨ ਵਾਲੇ ਕੰਮ ਵੱਲ ਠੇਲ੍ਹਣ ਦਾ ਰੁਝਾਨ ਹਮੇਸ਼ਾ ਤੋਂ ਬਣਿਆ ਰਿਹਾ ਹੈ, ਪਰ ਪਿਛਲੇ 10 ਸਾਲਾਂ ਤੋਂ ਜਿਸ ਤਰ੍ਹਾਂ ਦੀਆਂ ਆਰਥਿਕ ਤੇ ਸੱਭਿਆਚਾਰਕ ਨੀਤੀਆਂ ਅਪਣਾਈਆਂ ਗਈਆਂ ਹਨ, ਜਿਸ ਤਰ੍ਹਾਂ ਦੀ ਸਿਆਸਤ ਨੂੰ ਬੜ੍ਹਾਵਾ ਦਿੱਤਾ ਗਿਆ ਹੈ ਅਤੇ ਸਮਾਜੀ ਵੰਡੀਆਂ ’ਤੇ ਜ਼ੋਰ ਦਿੱਤਾ ਗਿਆ ਹੈ, ਉਸ ਦਾ ਸਭ ਤੋਂ ਵੱਧ ਸ਼ਿਕਾਰ ਮਹਿਲਾਵਾਂ ਹੋਈਆਂ ਹਨ। ਉਪਰੋਕਤ ਅੰਕੜੇ ਇਹੀ ਦਰਸਾਅ ਰਹੇ ਹਨ। ਇਹ ਸਾਡੇ ਸਮਾਜ ਵਿੱਚ ਮਹਿਲਾਵਾਂ ’ਤੇ ਪੈਣ ਵਾਲੇ ਦਬਾਵਾਂ ਨੂੰ ਦਿਖਾਉਦਾ ਹੈ। ਇਹ ਉਨ੍ਹਾਂ ਲਈ ਬੇਹੱਦ ਚਿੰਤਾਜਨਕ ਹੈ, ਜਿਹੜੇ ਇੱਕ ਪ੍ਰਗਤੀਸ਼ੀਲ ਸਮਾਜ ਦੀ ਉਮੀਦ ਕਰ ਰਹੇ ਹਨ। ਇੱਥੇ ਹਵਾ ਉਲਟ ਦਿਸ਼ਾ ਵਿੱਚ ਵਗ ਰਹੀ ਹੈ!



