ਦੀਰ ਅਲ ਬਲਾਹ (ਗਾਜ਼ਾ ਪੱਟੀ) : ਇਜ਼ਰਾਈਲੀ ਹਮਲਿਆਂ ਅਤੇ ਗੋਲੀਬਾਰੀ ਵਿੱਚ ਸਨਿੱਚਰਵਾਰ ਸਵੇਰੇ ਗਾਜ਼ਾ ਵਿੱਚ ਇੱਕ ਪਰਵਾਰ ਦੇ 11 ਜੀਆਂ ਸਣੇ 58 ਮਾਰੇ ਗਏ। ਮੁਹੰਮਦ ਅਲ-ਦਯਾਹ ਨਾਂਅ ਦਾ ਪੱਤਰਕਾਰ ਵੀ ਮਾਰਿਆ ਗਿਆ। ਹੁਣ ਤੱਕ ਗਾਜ਼ਾ ਵਿੱਚ 252 ਫਲਸਤੀਨੀ ਪੱਤਰਕਾਰ ਮਾਰੇ ਜਾ ਚੁੱਕੇ ਹਨ। ਭਾਵੇਂ ਕੌਮਾਂਤਰੀ ਪੱਧਰ ’ਤੇ ਜੰਗ ਰੋਕਣ ਲਈ ਦਬਾਅ ਵਧ ਰਿਹਾ ਹੈ, ਪਰ ਇਜ਼ਰਾਈਲ ਵੱਲੋਂ ਹਮਲੇ ਜਾਰੀ ਹਨ। ਅਲ-ਅਵਦਾ ਹਸਪਤਾਲ ਦੇ ਸਿਹਤ ਕਰਮਚਾਰੀਆਂ ਮੁਤਾਬਕ ਮੱਧ ਅਤੇ ਉੱਤਰੀ ਗਾਜ਼ਾ ਵਿੱਚ ਸਵੇਰੇ ਹੋਏ ਹਮਲਿਆਂ ਵਿੱਚ ਨੁਸੈਰਾਤ ਸ਼ਰਨਾਰਥੀ ਕੈਂਪ ਵਿੱਚ ਇੱਕੋ ਪਰਵਾਰ ਦੇ 11 ਮੈਂਬਰ ਸ਼ਾਮਲ ਸਨ। ਇਹ ਹਮਲੇ ਉਸ ਵੇਲੇ ਹੋਏ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਐਲਾਨ ਕੀਤਾ ਕਿ ਹਮਾਸ ਦੇ ਪੂਰਨ ਖਾਤਮੇ ਤੱਕ ਲੜਾਈ ਜਾਰੀ ਰਹੇਗੀ।




