ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਤੇਲ ਦੀਆਂ ਕੀਮਤਾਂ ’ਤੇ ਟਿਕੀਆਂ ਹੋਈਆਂ ਹਨ, ਪਰ ਇਸ ਤੋਂ ਵੱਡੇ ਸੰਕਟ ਵੱਲ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਹੈ। ਦੁਨੀਆ ਦੇ 10 ਸਭ ਤੋਂ ਵੱਡੇ ਸਮੁੰਦਰੀ ਪਾਣੀ ਨੂੰ ਮਿੱਠਾ ਬਣਾਉਣ ਵਾਲੇ ਡੀਸੈਲੀਨੇਸ਼ਨ ਪਲਾਂਟਾਂ ਵਿੱਚੋਂ 8 ਅਰਬ ਪ੍ਰਾਇਦੀਪ ਦੇ ਤੱਟ ’ਤੇ ਸਥਿਤ ਹਨ। ਇਹ ਪਲਾਂਟ ਮਿਲ ਕੇ ਦੁਨੀਆ ਦੇ ਕੁਲ ਡੀਸੈਲੀਨੇਟਡ ਪਾਣੀ ਦਾ ਲੱਗਭੱਗ 60 ਫੀਸਦੀ ਉਤਪਾਦਨ ਕਰਦੇ ਹਨ। ਹਰ ਦਿਨ ਲੱਗਭੱਗ 10 ਕਰੋੜ ਲੋਕ ਸਮੁੰਦਰ ਦੇ ਪਾਣੀ ਨੂੰ ਮਿੱਠਾ ਬਣਾ ਕੇ ਤਿਆਰ ਕੀਤੇ ਗਏ ਇਸੇ ਪਾਣੀ ਦੀ ਵਰਤੋਂ ਕਰਦੇ ਹਨ। ਕੁਝ ਦੇਸ਼ਾਂ ਦੀ ਨਿਰਭਰਤਾ ਏਨੀ ਹੈ ਕਿ ਬਿਨਾਂ ਇਨ੍ਹਾਂ ਪਲਾਂਟਾਂ ਦੇ ਉਨ੍ਹਾਂ ਦੀ ਹੋਂਦ ਹੀ ਖਤਰੇ ਵਿੱਚ ਪੈ ਜਾਵੇਗੀ। ਕੁਵੈਤ 90 ਫੀਸਦੀ, ਓਮਾਨ 86 ਫੀਸਦੀ ਤੇ ਸਾਉਦੀ ਅਰਬ 70 ਫੀਸਦੀ ਅਜਿਹੇ ਹੀ ਪਲਾਂਟਾਂ ’ਤੇ ਨਿਰਭਰ ਹਨ। ਜੇ ਈਰਾਨ ਨੇ ਇਨ੍ਹਾਂ ਵੱਲ ਮਿਜ਼ਾਈਲਾਂ ਤੇ ਡਰੋਨ ਦਾਗ ਦਿੱਤੇ ਤਾਂ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚ ਸ਼ਾਮਲ ਤੇਲ ਬਰਾਮਦਕਾਰ ਦੇਸ਼ ਕੁਝ ਹੀ ਦਿਨਾਂ ਵਿੱਚ ਰਹਿਣ ਲਾਇਕ ਨਹੀਂ ਰਹਿਣੇ।
ਦੋ ਮਾਰਚ ਨੂੰ ਈਰਾਨ ਵੱਲੋਂ ਛੱਡੀ ਮਿਜ਼ਾਈਲ ਦੇ ਮਲਬੇ ਯੂ ਏ ਈ ਦੇ ਫੁਜੈਰਾ ਦੇ ਇੱਕ ਬਿਜਲੀ ਸਟੇਸ਼ਨ ਨੂੰ ਨੁਕਸਾਨ ਪਹੁੰਚਾ ਚੁੱਕੇ ਹਨ। ਇੰਟਰਸੈਪਟਰ ਮਿਜ਼ਾਈਲਾਂ ਦੇ ਟੁਕੜਿਆਂ ਨਾਲ ਕੁਵੈਤ ਦੇ ਦੋਹਾ ਪੱਛਮੀ ਪਾਵਰ ਤੇ ਵਾਟਰ ਡੀਸੈਲੀਨੇਸ਼ਨ ਕੰਪਲੈਕਸ ਵਿੱਚ ਅੱਗ ਲੱਗ ਗਈ ਸੀ। ਤਾਂ ਵੀ ਕੋਈ ਡੀਸੈਲੀਨੇਸ਼ਨ ਪਲਾਂਟ ਬੰਦ ਨਹੀਂ ਹੋਇਆ, ਕਿਉਕਿ ਈਰਾਨ ਨੇ ਕਿਸੇ ਨੂੰ ਸਿੱਧਾ ਨਿਸ਼ਾਨਾ ਨਹੀਂ ਬਣਾਇਆ। ਉਸ ਨੇ ਅਜੇ ਤੱਕ ਅਮਰੀਕਾ ਦੇ ਯਾਰਾਂ ਦੀਆਂ ਤੇਲ ਰਿਫਾਇਨਰੀਆਂ, ਫੌਜੀ ਟਿਕਾਣਿਆਂ, ਦੂਤਘਰਾਂ ਤੇ ਬਿਜਲੀ ਸਟੇਸ਼ਨਾਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਉਂਜ ਈਰਾਨ ਨੇ ਬਿਜਲੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾ ਕੇ ਸੰਕੇਤ ਦੇ ਦਿੱਤਾ ਹੈ ਕਿ ਜੇ ਹਾਲਾਤ ਬਣੇ ਤਾਂ ਉਹ ਆਖਰੀ ਹਥਿਆਰ ਵਰਤ ਸਕਦਾ ਹੈ।
2003 ਵਿੱਚ ਅਮਰੀਕਾ ਨੇ ਇਰਾਕ ਵਿੱਚ ਡੀਕੈਪੀਟੇਸ਼ਨ ਰਣਨੀਤੀ ਅਪਨਾਈ ਸੀ, ਯਾਨੀ ਸਿਖਰਲੀ ਲੀਡਰਸ਼ਿਪ ਨੂੰ ਖਤਮ ਕਰਕੇ ਜੰਗੀ ਮਸ਼ੀਨ ਨੂੰ ਸਿੱਥਲ ਕਰਨਾ। ਉਸ ਤੋਂ ਸਬਕ ਲੈ ਕੇ ਈਰਾਨ ਨੇ ਆਪਣੀ ਫੌਜ ਨੂੰ ਮੋਸੈਕ ਡਿਫੈਂਸ ਡੌਕਟ੍ਰੀਨ ਤਹਿਤ ਪੁਨਰਗਠਤ ਕੀਤਾ। ਇਸ ਪ੍ਰਣਾਲੀ ਵਿੱਚ 31 ਖੁਦਮੁਖਤਾਰ ਸੂਬਾਈ ਕਮਾਂਡਾਂ ਹਨ। ਹਰ ਕਮਾਂਡ ਕੋਲ ਮਰਜ਼ੀ ਨਾਲ ਨਿਸ਼ਾਨਾ ਤੈਅ ਕਰਨ ਦਾ ਅਧਿਕਾਰ ਹੈ। ਕੇਂਦਰੀ ਆਦੇਸ਼ ਦੇ ਬਿਨਾਂ ਵੀ ਜੰਗ ਜਾਰੀ ਰੱਖਣ ਦੀ ਸਮਰੱਥਾ ਹੈ। ਅਲੀ ਖਾਮਨੇਈ ਦੀ ਮੌਤ ਦੇ ਬਾਅਦ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋ ਗਈ ਹੈ ਅਤੇ ਜੇ ਇਲਾਕਾਈ ਕਮਾਂਡਰਾਂ ਦਾ ਸੰਜਮ ਖਤਮ ਹੋ ਗਿਆ ਤਾਂ ਉਹ ਡੀਸੈਲੀਨੇਸ਼ਨ ਪਲਾਂਟਾਂ ’ਤੇ ਹਮਲਾ ਕਰਕੇ ਪੂਰੀ ਖਾੜੀ ਦੀ ਪਾਣੀ ਵਿਵਸਥਾ ਠੱਪ ਕਰ ਸਕਦੇ ਹਨ। 1991 ਦੀ ਜੰਗ ਵਿੱਚ ਇਰਾਕ ਨੇ ਕੁਵੈਤ ਖਿਲਾਫ ਇੱਕ ਹੋਰ ਤਰੀਕਾ ਅਪਣਾਇਆ ਸੀ। ਉਸ ਨੇ ਕੁਵੈਤ ਦੇ ਡੀਸੈਲੀਨੇਸ਼ਨ ਪਲਾਂਟਾਂ ਨੂੰ ਜਾਂਦੇ ਸਮੁੰਦਰੀ ਪਾਣੀ ਵਿੱਚ ਕੱਚਾ ਤੇਲ ਛੱਡ ਦਿੱਤਾ ਸੀ। ਕੁਵੈਤ ਨੂੰ 750 ਪਾਣੀ ਟੈਂਕਰ ਦਰਾਮਦ ਕਰਨੇ ਪੈ ਗਏ ਸਨ। ਵਿਵਸਥਾ ਨਾਰਮਲ ਹੋਣ ਵਿੱਚ ਕਈ ਸਾਲ ਲੱਗ ਗਏ ਸਨ।
ਡੀਸੈਲੀਨੇਸ਼ਨ ਪਲਾਂਟ ਬਿਜਲੀ ਬਹੁਤ ਖਰਚ ਕਰਦੇ ਹਨ। ਇਸ ਲਈ ਬਿਜਲੀ ਸਟੇਸ਼ਨ ’ਤੇ ਹਮਲਾ ਵੀ ਪਾਣੀ ਦੀ ਸਪਲਾਈ ਰੋਕ ਸਕਦਾ ਹੈ। ਇਨ੍ਹਾਂ ਦੀ ਸੁਰੱਖਿਆ ਵੀ ਫੌਜੀ ਟਿਕਾਣਿਆਂ ਜਿੰਨੀ ਮਜ਼ਬੂਤ ਨਹੀਂ ਹੁੰਦੀ। ਅਮਰੀਕਾ ਤੇ ਇਜ਼ਰਾਈਲ ਜੰਗ ਰੋਕਣ ਲਈ ਰਾਜ਼ੀ ਨਾ ਹੋਏ ਤਾਂ ਈਰਾਨ ਪਾਣੀ ਵਾਲਾ ਰਣਨੀਤਕ ਹਥਿਆਰ ਵਰਤ ਸਕਦਾ ਹੈ। ਕਰਬਲਾ ਦੀ ਜੰਗ ਵਿੱਚ ਯਜ਼ੀਦ ਦੀ ਫੌਜ ਨੇ ਹੁਸੈਨੀ ਲਸ਼ਕਰ ਦਾ ਪਾਣੀ ਬੰਦ ਕਰ ਦਿੱਤਾ ਸੀ ਤੇ ਨਿੱਕੇ ਬੱਚੇ ਪਾਣੀ ਨੂੰ ਤਰਸ ਗਏ ਸਨ। ਇਹ ਸਬਕ ਕਰਬਲਾ ਦੀ ਜੰਗ ਵਿੱਚ ਮੌਜੂਦ ਹੈ। ਉਸ ਯਾਦ ਦੇ ਮੱਦੇਨਜ਼ਰ ਮਾਨਵੀ ਆਧਾਰ ’ਤੇ ਈਰਾਨ ਭਾਵੇਂ ਪਾਣੀ ਦੇ ਵਸੀਲਿਆਂ ’ਤੇ ਹਮਲਾ ਨਾ ਕਰੇ ਪਰ ਜੇ ਕਰਨ ਲਈ ਮਜਬੂਰ ਹੋਇਆ ਤਾਂ ਇਸ ਲਈ ਅਮਰੀਕਾ ਤੇ ਇਜ਼ਰਾਈਲ ਦੀ ਗੁੰਡਾਗਰਦੀ ਹੀ ਜ਼ਿੰਮੇਵਾਰ ਹੋਵੇਗੀ।




