ਬਰੇਲੀ : ‘ਆਈ ਲਵ ਮੁਹੰਮਦ’ ਮਾਮਲੇ ਵਿੱਚ ਪੁਲਸ ਨੇ ਅੱਠ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸਥਾਨਕ ਮੌਲਵੀ ਅਤੇ ਇਤਿਹਾਦ-ਏ-ਮਿਲਤ ਕੌਂਸਲ ਦਾ ਮੁਖੀ ਤੌਕੀਰ ਰਜ਼ਾ ਖਾਨ ਸ਼ਾਮਲ ਹੈ, ਜਿਸ ਦੇ ‘ਆਈ ਲਵ ਮੁਹੰਮਦ’ ਮੁਹਿੰਮ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਦੇ ਸੱਦੇ ਕਾਰਨ ਬਰੇਲੀ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦਰਮਿਆਨ ਹਿੰਸਕ ਝੜਪ ਹੋਈ। ਸਥਾਨਕ ਅਦਾਲਤ ਨੇ ਸਨਿੱਚਰਵਾਰ ਰਜ਼ਾ ਅਤੇ ਸੱਤ ਹੋਰਨਾਂ ਨੂੰ ਹਿੰਸਕ ਝੜਪ ਦੇ ਦੋਸ਼ ਹੇਠ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪਿੰਦੀ ਨੂੰ ਆਬੂ ਧਾਬੀ ਤੋਂ ਲਿਆਂਦਾ
ਚੰਡੀਗੜ੍ਹ : ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦਹਿਸ਼ਤਗਰਦ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਆਬੂ ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ। ਉਹ ਵਿਦੇਸ਼ਾਂ ਵਿੱਚ ਬੈਠੇ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਾਸੀਆ ਦਾ ਕਰੀਬੀ ਹੈ। ਪਿੰਦੀ ਬਟਾਲਾ ਵਿੱਚ ਪੈਟਰੋਲ ਬੰਬ ਹਮਲਿਆਂ, ਹਿੰਸਕ ਹਮਲਿਆਂ ਤੇ ਫਿਰੌਤੀ ਸਮੇਤ ਕਈ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਸੀ। ਉਹ ਸਤੰਬਰ ਅਤੇ ਅਕਤੂਬਰ 2023 ਵਿੱਚ ਸ਼ਰਾਬ ਦੇ ਠੇਕਿਆਂ ’ਤੇ ਹਮਲੇ ਕਰਵਾਉਣ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸੀ।
ਰਾਹੁਲ ਦੱਖਣੀ ਅਮਰੀਕੀ ਦੇਸ਼ਾਂ ਦੇ ਦੌਰੇ ’ਤੇ
ਨਵੀਂ ਦਿੱਲੀ : ਰਾਹੁਲ ਗਾਂਧੀ ਬ੍ਰਾਜ਼ੀਲ ਤੇ ਕੋਲੰਬੀਆ ਸਣੇ ਚਾਰ ਦੱਖਣੀ ਅਮਰੀਕੀ ਦੇਸ਼ਾਂ ਦੇ ਦੌਰੇ ’ਤੇ ਹਨ, ਜਿੱਥੇ ਉਨ੍ਹਾ ਦੇ ਸਿਆਸੀ ਨੇਤਾਵਾਂ, ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਇੰਚਾਰਜ ਪਵਨ ਖੇੜਾ ਨੇ ਦੱਸਿਆ ਕਿ ਉਹ ਇਨ੍ਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਸੀਨੀਅਰ ਨੇਤਾਵਾਂ ਨਾਲ ਵੀ ਮੀਟਿੰਗਾਂ ਕਰਨਗੇ।




