ਤਬਾਹੀ ਦੇ ਨਿਸ਼ਾਨ ਛੱਡ ਕੇ ਪਰਤਿਆ ਮਾਨਸੂਨ

0
125

ਚੰਡੀਗੜ੍ਹ : ਦੱਖਣੀ-ਪੱਛਮੀ ਮਾਨਸੂਨ ਉੱਤਰ-ਪੱਛਮੀ ਭਾਰਤ ਤੋਂ ਪੂਰੀ ਤਰ੍ਹਾਂ ਹਟ ਗਿਆ ਹੈ, ਜਿਸ ਕਾਰਨ ਕਈ ਡੈਮਾਂ ਵਿੱਚ ਬੇਹਿਸਾਬਾ ਪਾਣੀ ਆਉਣ ਕਾਰਨ ਹੜ੍ਹ ਆਏ। ਭਾਰਤੀ ਮੌਸਮ ਵਿਭਾਗ ਮੁਤਾਬਕ 26 ਸਤੰਬਰ ਨੂੰ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਅਤੇ ਉੱਤਰਾਖੰਡ ਸਣੇ ਪੂਰੇ ਪੱਛਮੀ ਹਿਮਾਲਿਆਈ ਖੇਤਰ ਤੋਂ ਮਾਨਸੂਨ ਪਿੱਛੇ ਹਟ ਗਿਆ। ਪੰਜਾਬ ਵਿੱਚ 1 ਜੂਨ ਤੋਂ 26 ਸਤੰਬਰ ਤੱਕ 621.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 436.4 ਮਿਲੀਮੀਟਰ ਦੇ ਲੰਬੇ ਸਮੇਂ ਦੇ ਔਸਤ ਦੇ ਮੁਕਾਬਲੇ 42 ਫੀਸਦੀ ਵੱਧ ਹੈ। ਹਰਿਆਣਾ ਵਿੱਚ 568.4 ਮਿਲੀਮੀਟਰ ਮੀਂਹ ਪਿਆ, ਜੋ ਕਿ ਇਸ ਦੀ ਔਸਤ 424.1 ਮਿਲੀਮੀਟਰ ਤੋਂ 34 ਫੀਸਦੀ ਵੱਧ ਹੈ। ਹਿਮਾਚਲ ਵਿੱਚ 1,022.8 ਮਿਲੀਮੀਟਰ ਮੀਂਹ ਪਿਆ, ਜੋ ਕਿ ਇਸ ਦੇ 729.5 ਮਿਲੀਮੀਟਰ ਦੀ ਔਸਤ ਤੋਂ 40 ਫੀਸਦੀ ਵੱਧ ਹੈ। ਇਸ ਸੀਜ਼ਨ ਵਿੱਚ ਭਾਰੀ ਮੀਂਹ ਮਾਰਨ ਹਿਮਾਚਲ ਵਿੱਚ ਬਿਆਸ ਦਰਿਆ ’ਤੇ ਪੌਂਗ ਡੈਮ ਭੰਡਾਰ ਵਿੱਚ ਰਿਕਾਰਡ ਪਾਣੀ ਜਮ੍ਹਾਂ ਹੋਇਆ। ਸਿਖਰ ’ਤੇ ਪਾਣੀ ਦਾ ਪ੍ਰਵਾਹ 2.2 ਲੱਖ ਕਿਊਸਿਕ ਤੱਕ ਪਹੁੰਚ ਗਿਆ, ਜਿਸ ਕਾਰਨ ਪਾਣੀ ਦਾ ਪੱਧਰ 1,390 ਫੁੱਟ ਦੀ ਵੱਧ ਤੋਂ ਵੱਧ ਮਨਜ਼ੂਰ ਸੀਮਾ ਤੋਂ ਪੰਜ ਫੁੱਟ ਤੋਂ ਉੱਪਰ ਚਲਾ ਗਿਆ। ਇਸ ਮਗਰੋਂ ਡੈਮ ਦੇ ਫਲੱਡ ਗੇਟਾਂ ਤੋਂ ਕਈ ਦਿਨਾਂ ਤੱਕ ਇੱਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਮੁਤਾਬਕ 27 ਸਤੰਬਰ ਤੱਕ ਪੌਂਗ ਡੈਮ ’ਚ ਪਾਣੀ ਦਾ ਪੱਧਰ 1,390.26 ਫੁੱਟ ’ਤੇ ਰਿਹਾ, ਜਿਸ ਵਿੱਚ 17,291 ਕਿਊਸਿਕ ਦੀ ਆਮਦ ਅਤੇ 24,823 ਕਿਊਸਿਕ ਦੀ ਨਿਕਾਸੀ ਹੋਈ। ਹਿਮਾਚਲ ਵਿੱਚ ਸਤਲੁਜ ਦਰਿਆ ’ਤੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1,680 ਫੁੱਟ ਦੀ ਉੱਪਰਲੀ ਮਨਜ਼ੂਰ ਸੀਮਾ ਤੋਂ ਲੱਗਭੱਗ ਦੋ ਫੁੱਟ ਥੱਲੇ ਰੱਖਿਆ ਗਿਆ। 27 ਸਤੰਬਰ ਨੂੰ ਪਾਣੀ ਦਾ ਪੱਧਰ 1,674.70 ਫੁੱਟ ਤੱਕ ਘਟਾ ਦਿੱਤਾ ਗਿਆ ਹੈ, ਜਿਸ ਵਿੱਚ 41,334 ਕਿਊਸਿਕ ਪਾਣੀ ਦੀ ਆਮਦ ਅਤੇ 32,000 ਕਿਊਸਿਕ ਪਾਣੀ ਦੀ ਨਿਕਾਸੀ ਹੋਈ। ਮੌਸਮ ਵਿਭਾਗ ਨੇ 3 ਅਕਤੂਬਰ ਤੱਕ ਖੇਤਰ ਵਿੱਚ ਖੁਸ਼ਕ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।