ਭਲਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਮੋਰਚਾ ਲਾਉਣਗੇ ਮਜ਼ਦੂਰ : ਨਸਰਾਲੀ

0
294

ਲਹਿਰਾ ਮੁਹੱਬਤ (ਭੀਮ ਸੈਨ ਹਦਵਾਰੀਆ)
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਚੱਕ ਰਾਮ ਸਿੰਘ ਵਾਲਾ ਤੇ ਚੱਕ ਫਤਿਹ ਸਿੰਘ ਵਾਲਾ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਗਿਆਨੀ ਗੁਰਮੇਲ ਸਿੰਘ ਚੱਕ ਫਤਿਹ ਸਿੰਘ ਵਾਲਾ ਨੇ ਕਿਹਾ ਕਿ ਮਨਰੇਗਾ ਦਿਹਾੜੀ 700 ਰੁਪਏ ਕਰਵਾਉਣ, ਬਾਲਗ ਮੈਂਬਰਾਂ ਨੂੰ ਸਾਲ ਭਰ ਦਾ ਕੰਮ ਦਿਵਾਉਣ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿਵਾਉਣ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਦਿਵਾਉਣ, ਰਾਸ਼ਨ ਡੀਪੂਆਂ ਤੋਂ ਰਸੋਈ ਵਰਤੋਂ ਦੀਆਂ ਵਸਤਾਂ ਸਸਤੇ ਭਾਅ ’ਤੇ ਦਿਵਾਉਣ, ਔਰਤਾਂ ਦੇ ਖਾਤੇ ਵਿੱਚ 1000 ਰੁਪਏ ਪਵਾਉਣ, ਪੈਨਸ਼ਨ ਪ੍ਰਤੀ ਮਹੀਨਾ 5000 ਰੁਪਏ ਕਰਾਉਣ ਅਤੇ ਜ਼ਮੀਨੀ ਸੁਧਾਰ ਕਾਨੂੰਨ ਤਹਿਤ ਫ਼ਾਲਤੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਵਿੱਚ ਕਰਾਉਣ ਲਈ ਮਾਨ ਸਰਕਾਰ ਵੱਲੋ ਲਾਈਆਂ ਪਾਬੰਦੀਆਂ ਨੂੰ ਤੋੜ ਕੇ ਹਰ ਹਾਲ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਤਿੰਨ ਰੋਜ਼ਾ ਮੋਰਚਾ 13 ਸਤੰਬਰ ਤੋਂ ਲਾਇਆ ਜਾਵੇਗਾ। ਨਸਰਾਲੀ ਨੇ ਖੇਤ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪਰਵਾਰਾਂ ਸਮੇਤ ਸੰਗਰੂਰ ਵੱਲ ਕੂਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਕਾਂਗਰਸ ਅਤੇ ਅਕਾਲੀ ਸਰਕਾਰਾਂ ਵਾਂਗ ਮਜ਼ਦੂਰਾਂ ਦੇ ਹੱਕੀ ਸੰਘਰਸ਼ਾਂ ’ਤੇ ਪਾਬੰਦੀਆਂ ਮੜ ਕੇ ਜਗੀਰਦਾਰਾਂ, ਸਰਮਾਏਦਾਰਾਂ, ਸਾਮਰਾਜ ਤੇ ਉਨ੍ਹਾਂ ਦੀਆਂ ਧਨਾਢ ਕੰਪਨੀਆਂ ਦੇ ਹਿਤਾਂ ਦੀ ਰਾਖੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਰੰਟੀਆਂ ਦੇ ਗੱਫੇ ਵਰਤਾਉਣ ਵਾਲੀ ਆਮ ਆਦਮੀ ਦੀ ਸਰਕਾਰ ਹੁਣ ਆਪਣੇ ਖਾਸ ਸਰਮਾਏਦਾਰਾਂ ਨੂੰ ਹੋਰ ਵੀ ਮਾਲਾ-ਮਾਲ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਲਈ ਮਜ਼ਦੂਰ ਸੰਘਰਸ਼ ’ਤੇ ਰੋਕਾਂ ਲਾਉਣ ’ਤੇ ਉੱਤਰ ਆਈ ਹੈ। ਇਸ ਦੇ ਬਾਵਜੂਦ ਮਜ਼ਦੂਰ ਇਨ੍ਹਾਂ ਰੋਕਾਂ ਨੂੰ ਪਾਰ ਕਰਦੇ ਹੋਏ ਹਰ ਹਾਲਤ ਵਿੱਚ ਮੋਰਚਾ ਲਾਉਣਗੇ ।

LEAVE A REPLY

Please enter your comment!
Please enter your name here