ਕਾਸੀ ਕਾ ਬਾਸ ਦੇ ਸਕੂਲ ’ਚ ਕੀਤੀ ਮਿ੍ਰਤਕ ਅਧਿਆਪਕ ਦੀ ਨਿਯੁਕਤੀ

0
384

ਸਿਰਸਾ (ਸੁਰਿੰਦਰ ਪਾਲ ਸਿੰਘ)-ਪੂਰੇ ਸਿਰਸਾ ਜ਼ਿਲ੍ਹੇ ਦੇ ਕਸਬਿਆਂ ਤੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਦੇ ਚਲਦੇ ਐਲਨਾਬਾਦ ਖੇਤਰ ਦੇ ਪਿੰਡ ਕਾਸੀ ਕਾ ਬਾਸ ਵਿੱਚ ਸਰਕਾਰੀ ਸਕੂਲ ’ਚ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ 24 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਪਿਛਲੇ ਦਿਨੀਂ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਇਸ ਸਕੂਲ ਵਿੱਚ ਇੱਕ ਅਜਿਹੇ ਅਧਿਆਪਕ ਨੂੰ ਨਿਯੁਕਤ ਕੀਤਾ, ਜਿਸ ਦੀ ਮੌਤ ਹੋ ਚੁੱਕੀ ਹੈ। ਇਥੇ ਇਹ ਦੱਸ ਦੇਈਏ ਕਿ ਸਕੂਲ ’ਚ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕੇ ਪਿੰਡ ਵਾਸੀ 24 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ, ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਇਆ। ਇਸ ਸਬੰਧੀ ‘ਆਪ’ ਆਗੂ ਕਿ੍ਰਸ਼ਨ ਵਰਮਾ ਨੇ ਦੱਸਿਆ ਕਿ ਸਕੂਲ ਵਿੱਚ ਨਿਯੁਕਤ ਕੀਤੇ ਅਧਿਆਪਕ ਦੀ 22 ਜੁਲਾਈ ਨੂੰ ਮੌਤ ਹੋ ਚੁੱਕੀ ਹੈ, ਪਰ ਸਰਕਾਰ ਤੇ ਵਿਭਾਗ ਨੂੰ ਇਹ ਨਹੀਂ ਪਤਾ ਕਿ ਨਿਯੁਕਤ ਅਧਿਆਪਕ ਜ਼ਿੰਦਾ ਹੈ ਜਾਂ ਨਹੀਂ। ਉਨ੍ਹਾ ਕਿਹਾ ਕਿ ਹਰਿਆਣਾ ਸਰਕਾਰ ਸਰਵਜਨਕ ਸਿੱਖਿਆ ਦੇ ਖੇਤਰ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ’ਤੇ ਤੁਲੀ ਹੈ। ਪਿੰਡ ਕਾਸੀ ਕਾ ਬਾਸ ਵਾਸੀ ਪ੍ਰਹਿਲਾਦ ਭਾਂਭੂ, ਸੰਦੀਪ ਗਹਿਲੋਤ, ਅਨੂਪ ਭਾਂਭੂ, ਪਰਵੀਨ ਕੁਮਾਰ, ਰੋਹਤਾਸ ਸਵਾਮੀ, ਨੱਥੂ ਰਾਮ, ਵਿਜੇ ਗੋਦਾਰਾ ਤੇ ਮਹਾਂਵੀਰ ਭਾਂਭੂ ਨੇ ਕਿਹਾ ਕਿ ਅਜਿਹਾ ਹੁਕਮ ਜਾਰੀ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀ ਵਿਰੁੱਧ ਲਾਪ੍ਰਵਾਹੀ ਲਈ ਸਖਤ ਕਾਰਵਾਈ ਕੀਤੀ ਜਾਵੇ ਤੇ ਸਕੂਲ ਵਿੱਚ ਨਵੇਂ ਅਧਿਆਪਕ ਦੀ ਨਿਯੁਕਤੀ ਕੀਤੀ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਅਸੀਂ 24 ਦਿਨਾਂ ਤੋਂ ਅੰਦੋਲਨ ਕਰ ਰਹੇ ਹਾਂ ਤੇ ਹੁਣ ਉਸ ਅਧਿਆਪਕ ਦੀ ਨਿਯੁਕਤੀ ਹੋਈ, ਜੋ ਇਸ ਦੁਨੀਆ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਸਿੱਖਿਆ ਵਿਭਾਗ ਸਾਡੇ ਨਾਲ ਮਜ਼ਾਕ ਕਰ ਰਹੇ ਹਨ, ਜਿਸ ਕਾਰਨ ਸੂਬੇ ਦੇ ਸਕੂਲਾਂ ਵਿੱਚ ਇੱਕ ਮਹੀਨੇ ਤੋਂ ਗਰੀਬ ਤੇ ਆਮ ਪਰਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸੰਕਟ ਪੈਦਾ ਹੋ ਗਿਆ ਹੈ।

LEAVE A REPLY

Please enter your comment!
Please enter your name here