14.2 C
Jalandhar
Monday, December 23, 2024
spot_img

ਫਿਰਕੂ, ਫਾਸ਼ੀ ਹੱਲੇ ਨੂੰ ਜਾਗਦੀ ਲੋਕ ਤਾਕਤ ਹੀ ਹਰਾਏਗੀ : ਹਿਮਾਂਸ਼ੂ ਕੁਮਾਰ

ਜਲੰਧਰ : 9 ਅਪ੍ਰੈਲ 1950 ਨੂੰ ਪਿੰਡ ਤਲਵੰਡੀ ਸਲੇਮ ’ਚ ਜਨਮੇ ਅਤੇ 23 ਮਾਰਚ 1988 ਨੂੰ ਆਪਣੇ ਪਿੰਡ ਹੀ ਆਪਣੇ ਜਿਗਰੀ ਦੋਸਤ ਹੰਸ ਰਾਜ ਦੇ ਨਾਲ ਸ਼ਹੀਦ ਕੀਤੇ ਗਏ ਪੰਜਾਬੀ ਦੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਯਾਦ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ 34 ਵਾਂ ਸਮਾਗਮ ਕੀਤਾ ਗਿਆ। ਸਮਾਗਮ ’ਚ ਸਾਹਿਤ, ਕਲਾ ਅਤੇ ਮਿਹਨਤਕਸ਼ ਲੋਕਾਂ ਦੀ ਗਲਵੱਕੜੀ ਮਜ਼ਬੂਤ ਕਰਕੇ ਲੁੱਟ, ਜਬਰ, ਫਿਰਕੂ ਫਾਸ਼ੀ, ਜਾਤ-ਪਾਤੀ, ਹਰ ਵੰਨਗੀ ਦੇ ਵਿਤਕਰੇ ਅਤੇ ਅਨਿਆਂ ’ਤੇ ਟਿਕੇ ਸਮਾਜ ਨੂੰ ਮੂਲੋਂ ਬਦਲ ਕੇ ਪਾਸ਼ ਦੇ ਸੁਪਨਿਆਂ ਦਾ ਲੋਕਾਂ ਦੀ ਪੁੱਗਤ ਅਤੇ ਸਵੈਮਾਣ ਭਰੀ ਜ਼ਿੰਦਗੀ ਵਾਲਾ ਸਮਾਜ ਸਿਰਜਣ ਲਈ ਲੋਕ ਸੰਗਰਾਮ ਦਾ ਸੱਦਾ ਦਿੱਤਾ ਗਿਆ।
ਖਚਾਖਚ ਭਰੇ ਪੰਡਾਲ ਨੇ ਸ਼ਮ੍ਹਾ ਰੋਸ਼ਨ ਕਰਦਿਆਂ ਖੜ੍ਹੇ ਹੋ ਕੇ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਸੁਰਜੀਤ ਪਾਤਰ ਦੇ ਇਹਨਾਂ ਬੋਲਾਂ ਨਾਲ ਅਹਿਦ ਲਿਆ : ‘ਏਥੇ ਜੇ ਵਗਦੀਆਂ ਰਹਿਣੀਆਂ ਪੌਣਾਂ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ।’
ਸਮਾਗਮ ਦੇ ਮੁੱਖ ਬੁਲਾਰੇ ਨਾਮਵਰ ਬੁੱਧੀਜੀਵੀ, ਸਮਾਜਕ ਕਾਮੇ, ਲੇਖਕ, ਜਮਹੂਰੀ ਹੱਕਾਂ ਦੇ ਝੰਡਾਬਰਦਾਰ ਵਿਸ਼ੇਸ਼ ਕਰਕੇ ਆਦਿਵਾਸੀਆਂ, ਦਲਿਤਾਂ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਆਗੂ ਹਿਮਾਂਸ਼ੂ ਕੁਮਾਰ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਅਤੇ ਉਸ ਦੇ ਸੂਬਾਈ ਕਾਮੇ ਡਾ. ਪਰਮਿੰਦਰ, ਅਤਰਜੀਤ, ਜਗੀਰ ਜੋਸਣ, ਡਾ. ਅਰੀਤ, ਅਮੋਲਕ ਸਿੰਘ, ਮੰਗਤ ਰਾਮ ਪਾਸਲਾ, ਮਨਜੀਤ ਔਲਖ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ। ਇਕਬਾਲ ਉਦਾਸੀ, ਬੂਟਾ ਸਿੰਘ ਮਹਿਮੂਦਪੁਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਸੁੱਚਾ ਸਿੰਘ ਤਲਵੰਡੀ ਸਲੇਮ ਤੋਂ ਇਲਾਵਾ ਮਜ਼ਦੂਰ, ਕਿਸਾਨ, ਤਰਕਸ਼ੀਲ, ਜਮਹੂਰੀ, ਸਮਾਜਕ, ਸਾਹਿਤਕ, ਸੱਭਿਆਚਾਰਕ ਸੰਸਥਾਵਾਂ ਦੇ ਆਗੂ ਅਤੇ ਕਾਰਕੁਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦੇ ਪਹਿਲੇ ਗੀਤ-ਸੰਗੀਤ ਦੌਰ ਵਿੱਚ ਇਕਬਾਲ ਉਦਾਸੀ, ਜਸਵੰਤ ਖਟਕੜ, ਸ਼ਬਦੀਸ਼, ਅੰਮਿ੍ਰਤ ਪਾਲ ਬਠਿੰਡਾ, ਗੁਰਮੀਤ ਕੋਟ ਗੁਰੂ, ਜਸਕਰਨ ਕੋਟ ਗੁਰੂ ਅਤੇ ਜਸਕਰਨ ਬਠਿੰਡਾ ਨੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ।
ਦੂਜੇ ਵਿਚਾਰ-ਚਰਚਾ ਦੇ ਸੈਸ਼ਨ ’ਚ ਹਿਮਾਂਸ਼ੂ ਕੁਮਾਰ ਨੇ ‘ਪਾਸ਼ ਕਾਵਿ: ਰਾਜ ਦਾ ਜਬਰ ਅਤੇ ਕਿਰਤੀ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਮੁਲਕ ਭਰ ਦੇ ਕਮਾਊ ਲੋਕਾਂ ਦੀ ਜ਼ਿੰਦਗੀ ਵਿੱਚ ਸਿਫਤੀ ਤਬਦੀਲੀ ਲਿਆਉਣ ਲਈ ਇੱਕ ਜਾਂ ਦੂਜੀ ਪਾਰਟੀ ਜਾਂ ਨੇਤਾ ਦੀ ਅਦਲਾ-ਬਦਲੀ ਦੀ ਬਜਾਏ, ਸਾਰੀਆਂ ਮਰਜ਼ਾਂ ਦੀ ਜੜ੍ਹ ਲੋਕ-ਦੋਖੀ ਅਤੇ ਜਾਬਰਾਨਾ ਪ੍ਰਬੰਧ ਨੂੰ ਮੂਲੋਂ ਬਦਲਣਾ ਹੈ। ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਪਾਸ਼ ਦੀ ਕਵਿਤਾ ਜਿਵੇਂ ਫਿਰਕੂ ਫਾਸ਼ੀ ਹੱਲੇ, ਰਾਜ ਦੇ ਜਬਰ, ਲੁੱਟ ਅਤੇ ਸੰਘਰਸ਼ ਦੀ ਬਾਤ ਪਾਉਂਦੀ ਹੈ, ਉਹ ਅੱਧੀ ਸਦੀ ਬੀਤ ਜਾਣ ’ਤੇ ਅੱਜ ਵੀ ਪ੍ਰਸੰਗਿਕ ਹੈ। ਉਹਨਾ ਆਦਿਵਾਸੀ ਖੇਤਰ ਨੂੰ ਹਕੂਮਤੀ ਦਹਿਸ਼ਤਗਰਦੀ ਦਾ ਚੋਣਵਾਂ ਨਿਸ਼ਾਨਾ ਬਣਾਏ ਜਾਣ ਦੀ ਹਿਰਦੇਵੇਦਕ ਗਾਥਾ ਸਾਂਝੀ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਲਟਾ ਨਿਆਂ ਮੰਗਣ ਵਾਲਿਆਂ ਨਾਲ ਹੀ ਬੇਇਨਸਾਫੀ ਕਰਨ ਦੇ ਰਾਹ ਪਈ ਹੋਈ ਹੈ। ਉਹਨਾ ਕਿਹਾ ਕਿ ਕਿਸਾਨ ਸੰਘਰਸ਼ ਅਤੇ ਸਮੇਂ-ਸਮੇਂ ਪੰਜਾਬ ਦੀ ਧਰਤੀ ’ਤੇ ਹੋ ਰਹੇ ਸੰਘਰਸ਼ਾਂ ਨੇ ਮੁਲਕ ਸਾਹਮਣੇ ਇੱਕ ਸ਼ਾਨਦਾਰ ਅਤੇ ਨਮੂਨੇ ਦਾ ਇਨਕਲਾਬੀ ਬਦਲ ਪੇਸ਼ ਕੀਤਾ ਹੈ। ਉਹਨਾ ਕਿਹਾ ਕਿ ਜਾਗਦੇ ਲੋਕਾਂ ਤੋਂ ਫਾਸ਼ੀਵਾਦ ਡਰਦਾ ਹੈ। ਜੰਗਲ, ਜਲ, ਜ਼ਮੀਨ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਮਾਨਵੀ ਹੱਕਾਂ ਉਪਰ ਬੋਲੇ ਹੱਲੇ ਆਦਿਵਾਸੀ ਖੇਤਰ ਤੱਕ ਸੀਮਤ ਨਹੀਂ ਰਹੇ, ਇਹਨਾਂ ਦੀ ਮਾਰ ਭਵਿੱਖ ਵਿੱਚ ਹੋਰ ਵੀ ਵਿਆਪਕ ਅਤੇ ਤਿੱਖੀ ਹੋਏਗੀ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦਾ ਹਰ ਪਿੰਡ ਫੌਜੀ, ਨੀਮ ਫੌਜੀ ਅਤੇ ਪੁਲਸ ਬਲਾਂ ਦੀ ਛਾਉਣੀ ਬਣਿਆ ਹੋਏਗਾ। ਉਹਨਾ ਸੱਦਾ ਦਿੱਤਾ ਕਿ ਪੰਜਾਬ ਨੇ ਚੋਣਾਂ ਰਾਹੀਂ ਵੰਨ-ਸੁਵੰਨੇ ਕਈ ਬਦਲ ਦੇਖ ਲਏ, ਉਹਨਾਂ ਦੀ ਤਕਦੀਰ ਨਹੀਂ ਬਦਲੀ। ਆਪਣੀ ਤਕਦੀਰ ਬਦਲਣ ਲਈ ਉਹਨਾਂ ਲੋਕਾਂ ਨੂੰ ਇੱਕੋ-ਇੱਕ ਸੁਵੱਲੜੇ ਰਾਹ, ਲੋਕ ਸੰਘਰਸ਼ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਸਮਾਗਮ ’ਚ ਖਚਾਖਚ ਭਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਮਤਾ ਪਾਸ ਕਰਕੇ ਮੰਗ ਕੀਤੀ ਕਿ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12, 13 ਅਤੇ 14 ਸਤੰਬਰ ਨੂੰ ਸੰਗਰੂਰ ਵਿਖੇ ਦਿੱਤੇ ਜਾਣ ਵਾਲੇ ਪੁਰਅਮਨ ਧਰਨੇ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਮੜ੍ਹਨ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਕਿ ਮਜ਼ਦੂਰਾਂ ਦੇ ਜਮਹੂਰੀ ਹੱਕਾਂ ’ਤੇ ਛਾਪੇ ਮਾਰਨਾ ਬੰਦ ਕਰਕੇ ਇਹ ਪਾਬੰਦੀ ਤੁਰੰਤ ਹਟਾਈ ਜਾਵੇ। ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਮੁਲਕ ਵਿਚ ਫਿਰਕੂ ਫਾਸ਼ੀ ਹੱਲੇ ਬੰਦ ਕੀਤੇ ਜਾਣ। ਸਮਾਗਮ ਦੌਰਾਨ ਖੇਤਾਂ ਦਾ ਪੁੱਤ : ਪਾਸ਼ (ਸੁਰਿੰਦਰ ਧੰਜਲ), ਅਬ ਜੂਝਣ ਕਾ ਚਾਓ (ਅਤਰਜੀਤ), ਚਿੱਠੀਆਂ ’ਚ ਵਸਦਾ ਪਾਸ਼ (ਅਮੋਲਕ ਸਿੰਘ) ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਪਾਸ਼ ਯਾਦਗਾਰੀ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਡੀ ਗਿਣਤੀ ਵਿਚ ਜਥੇ ਲੈ ਕੇ ਸ਼ਾਮਲ ਹੋਈ। ਇਸ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਦਿਹਾਤੀ ਮਜ਼ਦੂਰ ਯੂਨੀਅਨ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਰੇਲ ਕੋਚ ਫੈਕਟਰੀ ਕਪੂਰਥਲਾ, ਪੰਜਾਬ ਲੋਕ ਸੱਭਿਆਚਾਰਕ ਮੰਚ, ਲੋਕ ਕਲਾ ਮੰਚ ਮਾਨਸਾ, ਚੇਤਨਾ ਕਲਾ ਕੇਂਦਰ ਬਰਨਾਲਾ, ਪੰਜਾਬ ਕਲਾ ਸੰਗਮ ਫਗਵਾੜਾ ਤੇ ਸਾਹਿਤ ਸਭਾ ਫੁਲਕਾਰੀ ਆਦਿ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਦੀ ਤਰਫੋਂ ਧੰਨਵਾਦ ਦੇ ਸ਼ਬਦ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੀ ਪੰਜਾਬ ਟੀਮ ਦੇ ਕਨਵੀਨਰ ਉੱਘੇ ਕਹਾਣੀਕਾਰ ਅਤਰਜੀਤ ਨੇ ਕਹੇ। ਮੰਚ ਸੰਚਾਲਨ ਦੀ ਭੂਮਿਕਾ ਕਵੀ ਜਗੀਰ ਜੋਸਣ ਅਤੇ ਡਾ. ਪਰਮਿੰਦਰ ਨੇ ਅਦਾ ਕੀਤੀ।

Related Articles

LEAVE A REPLY

Please enter your comment!
Please enter your name here

Latest Articles