ਮੁਹਾਲੀ : ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਪਹੁੰਚ ਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਖ਼ਬਰਸਾਰ ਲਈ। ਜਵੰਦਾ ਸਨਿੱਚਰਵਾਰ ਸ਼ਾਮੀਂ ਬੱਦੀ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਗਾਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਮੁੱਖ ਮੰਤਰੀ ਨੇ ਆਪਣੀ ਇਸ ਫੇਰੀ ਦੌਰਾਨ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਜਵੰਦਾ ਦੇ ਪਰਵਾਰਕ ਮੈਂਬਰਾਂ ਨੂੰ ਵੀ ਹੌਸਲਾ ਦਿੱਤਾ ਅਤੇ ਉਨ੍ਹਾ ਦੇ ਜਲਦੀ ਠੀਕ ਹੋਣ ਦੀ ਉਮੀਦ ਪ੍ਰਗਟਾਈ। ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਗਾਇਕ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਅਜੇ ਵੀ ਵੈਂਟੀਲੇਟਰ ਸਪੋਰਟ ’ਤੇ ਹਨ। ਜ਼ਿਕਰਯੋਗ ਹੈ ਕਿ ਬੱਦੀ ਤੋਂ ਸ਼ਿਮਲਾ ਜਾਂਦਿਆਂ ਜਵੰਦਾ ਦਾ ਬਾਈਕ ਇੱਕ ਪਸ਼ੂ ਨਾਲ ਟਕਰਾ ਗਿਆ ਸੀ। ਗਾਇਕ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਕਾਫੀ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਹੈ।





