ਕਰੂਰ ਤ੍ਰਾਸਦੀ ’ਚ ਮਿ੍ਰਤਕਾਂ ਦੀ ਗਿਣਤੀ 40

0
127

ਚੇਨਈ : ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਟੀ ਵੀ ਕੇ ਨੇ ਐਤਵਾਰ ਮਦਰਾਸ ਹਾਈ ਕੋਰਟ ਤੋਂ ਭਗਦੜ ਮਾਮਲੇ ਦੀ ਸੀ ਬੀ ਆਈ ਜਾਂ ਸਿੱਟ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਟੀ ਵੀ ਕੇ ਨੇ ਮਦਰਾਸ ਹਾਈ ਕੋਰਟ ਦੇ ਜਸਟਿਸ ਐੱਮ ਧੰਡਪਾਣੀ ਦੇ ਸਾਹਮਣੇ ਜ਼ਿਕਰ ਕੀਤਾ ਕਿ ਪਾਰਟੀ ਵੱਲੋਂ 27 ਸਤੰਬਰ ਨੂੰ ਕਰੂਰ ਵਿੱਚ ਕਰਵਾਈ ਗਈ ਰੈਲੀ ਦੌਰਾਨ ਭਗਦੜ ਘਟਨਾ ਦੀ ਸੀ ਬੀ ਆਈ ਜਾਂ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਈ ਜਾਵੇ। ਟੀ ਵੀ ਕੇ ਪਾਰਟੀ ਦੇ ਆਗੂ ਨਿਰਮਲ ਕੁਮਾਰ ਮੁਤਾਬਕ ਜੱਜ ਨੇ ਵਕੀਲਾਂ ਨੂੰ ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਅੱਗੇ ਪਟੀਸ਼ਨ ਦਾਇਰ ਕਰਨ ਲਈ ਕਿਹਾ ਅਤੇ ਇਸ ਦੀ ਸੁਣਵਾਈ ਸੋਮਵਾਰ ਨੂੰ ਦੁਪਹਿਰ 2:15 ਵਜੇ ਹੋਵੇਗੀ। ਇਸ ਦੌਰਾਨ ਮਚੀ ਭਗਦੜ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ ਹੈ। ਮਿ੍ਰਤਕਾਂ ਤੇ ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਭਗਦੜ ਦੌਰਾਨ ਬੇਹੋਸ਼ ਹੋਏ ਬਹੁਤ ਸਾਰੇ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਦੇਰ ਰਾਤ ਚੇਨਈ ਤੋਂ ਕਰੂਰ ਜਾ ਕੇ ਹਸਪਤਾਲ ਵਿਚ ਜ਼ਖ਼ਮੀਆਂ ਦੀ ਖ਼ਬਰਸਾਰ ਲਈ ਤੇ ਉਨ੍ਹਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਵਿਜੇ ਨੇ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ 20-20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਸ ਨੇ ਕਿਹਾ ਕਿ ਮਿ੍ਰਤਕਾਂ ਦੇ ਪਰਵਾਰਾਂ ਨੂੰ 20-20 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ।