ਧਾਰਮਕ ਮੇਲਿਆਂ ਤੇ ਸਿਆਸੀ ਇਕੱਠਾਂ ਦੌਰਾਨ ਵਾਪਰਦੀਆਂ ਤ੍ਰਾਸਦੀਆਂ ਵਿੱਚ ਤਾਮਿਲਨਾਡੂ ਦੇ ਸ਼ਹਿਰ ਕਰੂਰ ਦਾ ਨਾਂਅ ਵੀ ਜੁੜ ਗਿਆ ਹੈ, ਜਿੱਥੇ ਸਨਿੱਚਰਵਾਰ ਸ਼ਾਮੀਂ ਸਿਆਸੀ ਰੈਲੀ ਦੌਰਾਨ ਮਚੀ ਭਗਦੜ ’ਚ 40 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ 10 ਬੱਚੇ ਤੇ 16 ਮਹਿਲਾਵਾਂ ਹਨ। ਆਯੋਜਕਾਂ ਨੇ ਪ੍ਰਸ਼ਾਸਨ ਨੂੰ 10 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਗੱਲ ਕਹੀ ਸੀ, ਪਰ ਇਕੱਠ ਲਗਭਗ 27 ਹਜ਼ਾਰ ਦਾ ਹੋ ਗਿਆ। ਰੈਲੀ ਲਈ 500 ਪੁਲਸ ਵਾਲੇ ਤਾਇਨਾਤ ਕੀਤੇ ਗਏ ਸਨ। ਐਕਟਰ ਤੋਂ ਸਿਆਸਤਾਨ ਬਣਿਆ ਜੋਸੇਫ ਵਿਜੇ ਚੰਦਰਸ਼ੇਖਰ ਉਰਫ ਥਲਪਤੀ ਵਿਜੇ ਰੈਲੀ ਵਾਲੀ ਥਾਂ ਛੇ ਘੰਟੇ ਦੀ ਦੇਰੀ ਨਾਲ ਪੁੱਜਿਆ। ਆਯੋਜਕਾਂ ਨੇ ਵਿਜੇ ਦੇ ਦੁਪਹਿਰ 12 ਵਜੇ ਪੁੱਜਣ ਦਾ ਐਲਾਨ ਕੀਤਾ ਸੀ ਤੇ ਭੀੜ ਸਵੇਰੇ 9 ਵਜੇ ਤੋਂ ਜੁੜਨੀ ਸ਼ੁਰੂ ਹੋ ਗਈ ਸੀ। ਉਹ ਇਸ ਤੋਂ ਪਹਿਲਾਂ ਇੱਕ ਹੋਰ ਰੈਲੀ ਕਰਦਿਆਂ 7 ਘੰਟੇ ਲੇਟ ਪੁੱਜਾ। ਲੋਕ ਉਸ ਦੇ ਦੀਦਾਰ ਦੀ ਚਾਹਤ ’ਚ ਘਰਾਂ ਨੂੰ ਨਹੀਂ ਮੁੜੇ, ਸਗੋਂ ਭੀੜ ਹੋਰ ਵਧਦੀ ਗਈ। ਵਿਜੇ ਨੂੰ ਦੱਸਿਆ ਗਿਆ ਕਿ 9 ਸਾਲ ਦੀ ਬੱਚੀ ਗੁਆਚ ਗਈ ਹੈ। ਉਸ ਨੇ ਮੰਚ ਤੋਂ ਉਸ ਨੂੰ ਲੱਭਣ ਦੀ ਅਪੀਲ ਕੀਤੀ, ਜਿਸ ਦੇ ਬਾਅਦ ਭਗਦੜ ਮਚ ਗਈ। ਹੰੁਮ ਵਾਲੇ ਮਾਹੌਲ ਵਿੱਚ ਲੋਕ ਬੇਹੋਸ਼ ਹੁੰਦੇ ਗਏ ਤੇ ਮਿੱਧੇ ਜਾਂਦੇ ਰਹੇ। ਭਗਦੜ ਵਿੱਚ ਇੰਜ ਅਕਸਰ ਹੁੰਦਾ ਹੈ, ਪਰ ਲੋਕ ਫਿਰ ਵੀ ਸਬਕ ਨਹੀਂ ਲੈਂਦੇ।
ਤਾਮਿਲਨਾਡੂ ਵਿੱਚ ਐਕਟਰਾਂ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ਦਾ ਇਤਿਹਾਸ ਹੈ। ਮੁੱਖ ਮੰਤਰੀ ਬਣੇ ਐੱਮ ਜੀ ਰਾਮਾਚੰਦਰਨ, ਐੱਮ ਕਰੁਣਾਨਿਧੀ ਤੇ ਜੈਲਲਿਤਾ ਪਹਿਲਾਂ ਐਕਟਰ ਹੀ ਹੁੰਦੇ ਸਨ। ਹੋਰ ਵੀ ਕਈ ਐਕਟਰਾਂ ਨੇ ਕਿਸਮਤ ਅਜ਼ਮਾਈ, ਜਿਨ੍ਹਾਂ ਵਿੱਚ ਕਮਲ ਹਾਸਨ ਵੀ ਹੈ। ਅੱਜਕਲ੍ਹ ਦੱਖਣ ਵਿੱਚ ਫਿਲਮਾਂ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਵਿਜੇ ਸਰਗਰਮ ਹੈ, ਜਿਸ ਨੇੇ 2 ਫਰਵਰੀ 2024 ਨੂੰ ਤਮਿਲਗਾ ਵੇਟਰੀ ਕੜਗਮ (ਟੀ ਵੀ ਕੇ) ਪਾਰਟੀ ਬਣਾਈ ਤੇ 2026 ਦੀਆਂ ਅਸੈਂਬਲੀ ਚੋਣਾਂ ਲੜਨ ਦਾ ਐਲਾਨ ਕੀਤਾ। ਇਸੇ ਸਿਲਸਿਲੇ ਵਿੱਚ ਉਹ ਸੂਬੇ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਪਾਰਟੀ ਦੇ ਏਜੰਡੇ, ਵਿਚਾਰਧਾਰਾ ਤੇ ਸੁਧਾਰ ਯੋਜਨਾਵਾਂ ਬਾਰੇ ਦੱਸ ਰਿਹਾ ਹੈ। ਉਹ ਖੁਦ ਨੂੰ ਹੁਕਮਰਾਨ ਡੀ ਐੱਮ ਕੇ ਦੇ ਸਭ ਤੋਂ ਵੱਡੇ ਵਿਰੋਧੀ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ।
ਵਿਜੇ ਨੇ ਮਿ੍ਰਤਕਾਂ ਲਈ 20-20 ਲੱਖ ਤੇ ਜ਼ਖਮੀਆਂ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀ ਮਿ੍ਰਤਕਾਂ ਨੂੰ 10-10 ਲੱਖ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੋਂ ਲੈ ਕੇ ਤਮਾਮ ਆਗੂਆਂ ਨੇ ਤ੍ਰਾਸਦੀ ’ਤੇ ਦੁੱਖ ਪ੍ਰਗਟਾਇਆ ਹੈ। ਹਰ ਤ੍ਰਾਸਦੀ ਤੋਂ ਬਾਅਦ ਦੁੱਖ ਦੇ ਪ੍ਰਗਟਾਵੇ ਤੇ ਮਦਦ ਦਾ ਐਲਾਨ ਹੁੰਦਾ ਹੈ ਅਤੇ ਜਾਂਚ ਕਮਿਸ਼ਨ ਵੀ ਬਣਦੇ ਹਨ ਤੇ ਉਹ ਭਵਿੱਖ ’ਚ ਤ੍ਰਾਸਦੀਆਂ ਰੋਕਣ ਦੇ ਸੁਝਾਅ ਵੀ ਦਿੰਦੇ ਹਨ, ਪਰ ਤ੍ਰਾਸਦੀਆਂ ਫਿਰ ਵਾਪਰ ਜਾਂਦੀਆਂ ਹਨ। ਸਾਫ ਹੈ ਕਿ ਤ੍ਰਾਸਦੀਆਂ ਨੂੰ ਰੋਕਣ ਲਈ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ। ਇਸ ਤ੍ਰਾਸਦੀ ਨੇ ਵੀ ਸਿਆਸੀ ਰੈਲੀਆਂ ਵਿੱਚ ਭੀੜ ਪ੍ਰਬੰਧਨ ਤੇ ਸੁਰੱਖਿਆ ਵਿਵਸਥਾ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਹੈ। ਇਹ ਘਟਨਾ ਨਾ ਸਿਰਫ ਤਾਮਿਲਨਾਡੂ, ਸਗੋਂ ਪੂਰੇ ਦੇਸ਼ ਲਈ ਇੱਕ ਚੇਤਾਵਨੀ ਹੈ ਕਿ ਵੱਡੇ ਆਯੋਜਨਾਂ ਵਿੱਚ ਸੁਰੱਖਿਆ ਨੂੰ ਸਰਬਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਿਆਸੀ ਆਗੂਆਂ ਤੇ ਧਾਰਮਕ ਆਗੂਆਂ ਨੇ ਹੁਣ ਵੀ ਬਿਨਾਂ ਯੋਗ ਪ੍ਰਬੰਧਾਂ ਦੇ ਇਕੱਠ ਕਰਨੋਂ ਨਹੀਂ ਹਟਣਾ, ਸਿਆਣਪ ਇਸ ਵਿੱਚ ਹੀ ਹੈ ਕਿ ਲੋਕ ਖੁਦ ਹੀ ਆਪਣਾ ਬਚਾਅ ਕਰਨ। ਨਿੱਕੇ-ਨਿੱਕੇ ਬੱਚੇ ਚੁੱਕ ਕੇ ਅਜਿਹੇ ਇਕੱਠਾਂ ਵਿੱਚ ਜਾਣ ਤੋਂ ਗੁਰੇਜ਼ ਕਰਨ।



