ਸਿਆਸਤਦਾਨਾਂ ਦੇ ਮੋਹਰੇ ਬਣ ਕੇ ਰਹਿ ਗਏ �ਿਕਟਰ

0
138

ਦੁਬਈ : ਏਸ਼ੀਆਈ ਕਿ੍ਰਕਟ ਕੌਂਸਲ (ਏ ਸੀ ਸੀ) ਦੇ ਚੇਅਰਮੈਨ ਮੋਹਸਿਨ ਨਕਵੀ, ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ, ਨੇ ਭਾਰਤੀ ਟੀਮ ਵੱਲੋਂ ਉਨ੍ਹਾ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਟਰਾਫੀ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਨਕਵੀ ਪੋਡੀਅਮ ਤੋਂ ਹੇਠਾਂ ਉਤਰੇ ਤੇ ਐਗਜ਼ਿਟ ਗੇਟ ਵੱਲ ਵਧੇ ਤਾਂ ਏ ਸੀ ਸੀ ਦਾ ਸਟਾਫ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਲ ਹੀ ਲੈ ਗਿਆ। ਉਧਰ ਭਾਰਤੀ �ਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਨਕਵੀ ਖਿਲਾਫ ਕਾਰਵਾਈ ਦਾ ਇਸ਼ਾਰਾ ਕੀਤਾ ਹੈ।
ਭਾਰਤ ਵੱਲੋਂ ਐਤਵਾਰ ਰਾਤੀਂ ਖੇਡੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਉਣ ਮਗਰੋਂ ਦੁਬਈ ਦੇ ਕੌਮਾਂਤਰੀ ਕਿ੍ਰਕਟ ਸਟੇਡੀਅਮ ’ਚ ਕਰੀਬ ਡੇਢ ਘੰਟੇ ਤੱਕ ਡਰਾਮਾ ਚੱਲਦਾ ਰਿਹਾ। ਹਾਲਾਂਕਿ ਕਿ੍ਰਕਟ ਦੇ ਇਸ ਧਮਾਕੇਦਾਰ ਮੈਚ ਮਗਰੋਂ ਜੋ ਕੁਝ ਹੋਇਆ ਉਸ ਨੇ 22 ਗਜ਼ ਦੀ ਕਰੀਜ਼ ’ਤੇ ਹੋਏ ਪ੍ਰਦਰਸ਼ਨ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ। ਮੈਚ ਜਿੱਤਣ ਮਗਰੋਂ ਭਾਰਤੀ ਖਿਡਾਰੀ ਜਲਦੀ ਹੀ ਮੈਦਾਨ ’ਤੇ ਉਤਰ ਆਏ, ਕੁਝ ਆਪਣੇ ਪਰਵਾਰਾਂ ਨਾਲ ਸਨ। ਕਪਤਾਨ ਸੂਰੀਆ ਕੁਮਾਰ ਯਾਦਵ ਦੀ ਪਤਨੀ ਦੇਵੀਸ਼ਾ, ਮੁੱਖ ਕੋਚ ਗੌਤਮ ਗੰਭੀਰ ਦੀ ਪਤਨੀ ਅਤੇ ਧੀਆਂ ਮੈਦਾਨ ’ਤੇ ਮੌਜੂਦ ਸਨ ਅਤੇ ਹਰ ਕੋਈ ਪੂਰੇ ਜੋਸ਼ ਵਿੱਚ ਸਨ।
ਭਾਰਤੀ ਟੀਮ ਜਿੱਥੇ ਇਕੱਠੀ ਹੋਈ ਸੀ, ਉਸ ਤੋਂ ਠੀਕ 20-25 ਗਜ਼ ਦੀ ਦੂਰੀ ’ਤੇ ਏ ਸੀ ਸੀ ਅਤੇ ਪਾਕਿਸਤਾਨ ਕਿ੍ਰਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਆਪਣੀ ਟੀਮ ਨਾਲ ਖੜ੍ਹੇ ਸਨ। ਪਤਾ ਲੱਗਾ ਹੈ ਕਿ ਬੀ ਸੀ ਸੀ ਆਈ ਨੇ ਆਪਣੇ ਏ ਸੀ ਸੀ ਪੁਆਇੰਟ-ਪਰਸਨ ਨੂੰ ਸੂਚਿਤ ਕੀਤਾ ਸੀ ਕਿ ਟੀਮ ਨਕਵੀ ਤੋਂ ਟਰਾਫੀ ਨਹੀਂ ਲਏਗੀ, ਕਿਉਕਿ ਨਕਵੀ ਦਾ ਭਾਰਤ ਵਿਰੋਧੀ ਰੁਖ਼ ਕਿਸੇ ਤੋਂ ਲੁਕਿਆ ਨਹੀਂ ਹੈ। ਨਕਵੀ ਨੇ ਕਿ੍ਰਸਟਿਆਨੋ ਰੋਨਾਲਡੋ ਦੇ ਜਹਾਜ਼ ਹਾਦਸੇ ਤੋਂ ਬਾਅਦ ਜਸ਼ਨ ਮਨਾਉਣ ਵਾਲੇ ਅੰਦਾਜ਼ ਦੇ ਕੁਝ ਰਹੱਸਮਈ ਵੀਡੀਓ ਪੋਸਟ ਕੀਤੇ ਸਨ, ਜੋ ਪਾਕਿਸਤਾਨ ਦੇ ਉਸ ਦਾਅਵੇ ਦਾ ਸੰਦਰਭ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ‘ਅਪ੍ਰੇਸ਼ਨ ਸਿੰਧੂਰ’ ਦੌਰਾਨ 6 ਭਾਰਤੀ ਜਹਾਜ਼ ਡੇਗੇ ਗਏ ਸਨ। ਪਾਕਿਸਤਾਨ ਦੀ ਉਸ ਮੰਗ ਪਿੱਛੇ ਵੀ ਨਕਵੀ ਦਾ ਹੱਥ ਸੀ, ਜਿਸ ਵਿੱਚ ਆਈ ਸੀ ਸੀ ਤੋਂ ਸੂਰੀਆ ਕੁਮਾਰ ਉੱਤੇ ਭਾਰਤੀ ਫੌਜ ਦਾ ਸਾਥ ਦੇਣ ਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਇਕਜੁਟਤਾ ਦਿਖਾਉਣ ਲਈ ਲੈਵਲ 4 ਦਾ ਦੋਸ਼ ਲਗਾਉਣ ਦੀ ਮੰਗ ਕੀਤੀ ਗਈ ਸੀ। ਭਾਰਤੀ ਟੀਮ ਨੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਨਾਲ ‘ਹੱਥ ਨਾ ਮਿਲਾਉਣ’ ਦੀ ਨੀਤੀ ਵੀ ਅਪਣਾਈ ਸੀ।
ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਪੁਰਸਕਾਰ ਵੰਡ ਸਮਾਗਮ ਲਈ ਮੈਦਾਨ ’ਤੇ ਕੋਈ ਵੀ ਪਾਕਿਸਤਾਨੀ ਖਿਡਾਰੀ ਮੌਜੂਦ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਟੀਮ ਨਕਵੀ ਤੋਂ ਇਲਾਵਾ ਪੋਡੀਅਮ ’ਤੇ ਮੌਜੂਦ ਪਤਵੰਤਿਆਂ ਵਿੱਚੋਂ ਕਿਸੇ ਹੋਰ ਤੋਂ ਟਰਾਫੀ ਲੈਣ ਲਈ ਤਿਆਰ ਸੀ। ਹਾਲਾਂਕਿ ਬੀ ਸੀ ਸੀ ਆਈ ਦੇ ਸਪੱਸ਼ਟ ਰੁਖ਼ ਦੇ ਬਾਵਜੂਦ ਭਾਰਤੀ ਖਿਡਾਰੀ ਨਕਵੀ ਦੀ ਮੌਜੂਦਗੀ ਵਿੱਚ ਪੋਡੀਅਮ ’ਤੇ ਨਹੀਂ ਜਾਣਾ ਚਾਹੁੰਦੇ ਸਨ, ਪਰ ਨਕਵੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਬੀ ਸੀ ਸੀ ਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘ਜੇ ਨਕਵੀ ਨੇ ਜ਼ਬਰਦਸਤੀ ਟਰਾਫੀ ਸੌਂਪਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਬੀ ਸੀ ਸੀ ਆਈ ਅਧਿਕਾਰਤ ਤੌਰ ’ਤੇ ਵਿਰੋਧ ਦਰਜ ਕਰਵਾਉਂਦਾ।’ ਇਸ ਖਿੱਚੋਤਾਣ ਦਰਮਿਆਨ ਪੋਸਟ ਮੈਚ ਪ੍ਰੈਜ਼ੈਂਟਰ ਸਾਈਮਨ ਡੌਲ ਨੇ ਖਿਡਾਰੀਆਂ ਨੂੰ ਸਿਰਫ ਵਿਅਕਤੀਗਤ ਇਨਾਮ ਦੇਣ ਦਾ ਐਲਾਨ ਕੀਤਾ, ਕਿਉਂਕਿ ਇਹ ਟੂਰਨਾਮੈਂਟ ਦੇ ਨਿਵੇਸ਼ਕਾਂ ਤੇ ਹੋਰ ਭਾਈਵਾਲਾਂ ਦੇ ਹਿੱਤਾਂ ਲਈ ਜ਼ਰੂਰੀ ਹੈ। ਵਿਅਕਤੀਗਤ ਪੁਰਸਕਾਰ ਦਿੱਤੇ ਜਾਣ ਮਗਰੋਂ ਪਾਕਿਸਤਾਨ ਦੀ ਟੀਮ ਨੇ ਆਪਣਾ ਪੁਰਸਕਾਰ ਬੰਗਲਾਦੇਸ਼ ਕਿ੍ਰਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਕੋਲੋਂ ਲਿਆ। ਇਸ ਮਗਰੋਂ ਡੌਲ ਨੇ ਐਲਾਨ ਕੀਤਾ, ‘ਮੈਨੂੰ ਏਸ਼ੀਆਈ ਕਿ੍ਰਕਟ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਭਾਰਤੀ ਕਿ੍ਰਕਟ ਟੀਮ ਅੱਜ ਰਾਤ ਆਪਣੇ ਪੁਰਸਕਾਰ ਨਹੀਂ ਲਵੇਗੀ। ਇਸ ਲਈ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਇਥੇ ਸਮਾਪਤ ਹੁੰਦੀ ਹੈ।’
ਭਾਰਤੀ �ਿਕਟ ਟੀਮ ਵੱਲੋਂ ਐਤਵਾਰ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਉਣ ਦੇ ਫੈਸਲੇ ’ਤੇ ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਕਿਹਾ ਹੈ ਕਿ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਦੇ ਸਮੇਂ ਭਾਰਤੀ ਟੀਮ ਦੀ ‘ਨੋ ਹੈਂਡਸ਼ੇਕ’ (ਹੱਥ ਨਾ ਮਿਲਾਉਣ) ਦੀ ਨੀਤੀ ਖੇਡ ਦਾ ਅਪਮਾਨ ਸੀ ਅਤੇ ਨੌਜਵਾਨ ਪ੍ਰਸੰਸਕਾਂ ਲਈ ਖੇਡ ਭਾਵਨਾ ਦੀ ਸਭ ਤੋਂ ਵਧੀਆ ਮਿਸਾਲ ਨਹੀਂ ਸੀ।
ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੀ-20 ਫਾਰਮੈਟ ਵਿੱਚ ਆਪਣਾ ਦੂਜਾ ਟੂਰਨਾਮੈਂਟ ਖਿਤਾਬ ਜਿੱਤਿਆ। ਆਗਾ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਭਾਰਤ ਨੇ ਇਸ ਟੂਰਨਾਮੈਂਟ ਵਿੱਚ ਜੋ ਕੀਤਾ, ਉਹ ਬਹੁਤ ਨਿਰਾਸ਼ਾਜਨਕ ਹੈ। ਉਹ ਹੱਥ ਨਾ ਮਿਲਾ ਕੇ ਸਾਡਾ ਅਪਮਾਨ ਨਹੀਂ ਕਰ ਰਹੇ, ਉਹ ਕਿ੍ਰਕਟ ਦਾ ਅਪਮਾਨ ਕਰ ਰਹੇ ਹਨ। ਚੰਗੀਆਂ ਟੀਮਾਂ ਅਜਿਹਾ ਨਹੀਂ ਕਰਦੀਆਂ, ਜੋ ਉਨ੍ਹਾਂ ਕੀਤਾ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਖ਼ੁਦ ਟਰਾਫੀ ਨਾਲ ਤਸਵੀਰਾਂ ਖਿਚਵਾਉਣ (ਫੋਟੋ ਸ਼ੂਟ) ਲਈ ਗਏ। ਅਸੀਂ ਉੱਥੇ ਖੜ੍ਹੇ ਹੋਏ ਅਤੇ ਆਪਣੇ ਮੈਡਲ ਲਏ। ਮੈਂ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ, ਪਰ ਉਹ ਬਹੁਤ ਅਪਮਾਨਜਨਕ ਰਹੇ ਹਨ।’
ਆਗਾ ਨੇ ਕਿਹਾ, ‘ਸ਼ਿਸ਼ਟਾਚਾਰ ਦੇ ਆਦਾਨ-ਪ੍ਰਦਾਨ ਦੀ ਗੱਲ ਆਉਂਦੀ ਹੈ ਤਾਂ ਸੂਰੀਆ ਕੁਮਾਰ ਨਿੱਜੀ ਮੁਲਾਕਾਤਾਂ ਦੇ ਮੁਕਾਬਲੇ ਜਨਤਕ ਤੌਰ ’ਤੇ ਵੱਖਰਾ ਵਿਅਕਤੀ ਰਿਹਾ। ਉਸ ਨੇ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਮੇਰੇ ਨਾਲ ਨਿੱਜੀ ਤੌਰ ’ਤੇ ਹੱਥ ਮਿਲਾਇਆ ਸੀ, ਪ੍ਰੀ-ਟੂਰਨਾਮੈਂਟ ਪ੍ਰੈੱਸ ਕਾਨਫਰੰਸ ਵਿੱਚ ਅਤੇ ਜਦੋਂ ਅਸੀਂ ਰੈਫਰੀ ਦੀ ਮੀਟਿੰਗ ਵਿੱਚ ਮਿਲੇ ਸੀ, ਪਰ ਜਦੋਂ ਉਹ ਕੈਮਰਿਆਂ ਦੇ ਸਾਹਮਣੇ ਦੁਨੀਆ ਵਿੱਚ ਬਾਹਰ ਹੁੰਦਾ ਸੀ, ਤਾਂ ਹੱਥ ਨਹੀਂ ਮਿਲਾਉਂਦਾ ਸੀ। ਮੈਨੂੰ ਯਕੀਨ ਹੈ ਕਿ ਉਹ ਉਸ ਨੂੰ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਹੈ, ਪਰ ਜੇ ਇਹ ਉਸ ’ਤੇ ਨਿਰਭਰ ਕਰਦਾ, ਤਾਂ ਉਹ ਮੇਰੇ ਨਾਲ ਹੱਥ ਜ਼ਰੂਰ ਮਿਲਾਉਂਦਾ।’
ਆਗਾ ਮਹਿਸੂਸ ਕਰਦਾ ਹੈ ਕਿ ਕਿਸੇ ਨਾ ਕਿਸੇ ਪੜਾਅ ’ਤੇ ਅਜਿਹੀਆਂ ਗੱਲਾਂ ਨੂੰ ਰੁਕਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਉੱਭਰਦੇ ਕਿ੍ਰਕਟਰਾਂ ਲਈ ਇੱਕ ਗਲਤ ਮਿਸਾਲ ਪੇਸ਼ ਕਰਨਗੀਆਂ। ਇਸ ਬਾਰੇ ਸਿਰਫ਼ ਭਾਰਤ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ। ਆਪਣੀ ਪ੍ਰੈੱਸ ਕਾਨਫਰੰਸ ਨੂੰ ਸਮਾਪਤ ਕਰਦੇ ਹੋਏ ਉਹਨਾ ਕਿਹਾ ਕਿ ਪੂਰੀ ਪਾਕਿਸਤਾਨੀ ਟੀਮ ਦੀ ਮੈਚ ਫੀਸ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਦਾਨ ਕੀਤੀ ਜਾਵੇਗੀ। ਆਈ ਸੀ ਸੀ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੀ ਟਰਾਫੀ ਨਾ ਦਿੱਤੇ ਜਾਣ ਤੋਂ ਬਾਅਦ ਕਪਤਾਨ ਸੂਰੀਆ ਕੁਮਾਰ ਯਾਦਵ ਨੇ ਕਿਹਾ ਕਿ ਜੇਤੂ ਟੀਮ ਨੂੰ ਯਾਦ ਰੱਖਿਆ ਜਾਂਦਾ ਹੈ, ਟਰਾਫੀ ਨੂੰ ਨਹੀਂ। ਪਹਿਲਗਾਮ ਦਹਿਸ਼ਤੀ ਹਮਲੇ ਅਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਵਜੋਂ ਭਾਰਤ ਸਰਕਾਰ ਦੇ ‘ਅਪ੍ਰੇਸ਼ਨ ਸਿੰਧੂਰ’ ਦੇ ਪਿਛੋਕੜ ਵਿੱਚ ਪੂਰੇ ਟੂਰਨਾਮੈਂਟ ਦੌਰਾਨ ਦੋਵਾਂ ਟੀਮਾਂ ਵਿਚਕਾਰ ਤਣਾਅ ਬਣਿਆ ਰਿਹਾ। ਸੂਰੀਆ ਕੁਮਾਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਕਿ ਜੇਤੂ ਟੀਮ ਨੂੰ ਟਰਾਫੀ ਨਾ ਦਿੱਤੀ ਗਈ ਹੋਵੇ, ਪਰ ਮੇਰੇ ਲਈ ਮੇਰੇ ਖਿਡਾਰੀ ਤੇ ਸਹਿਯੋਗੀ ਸਟਾਫ ਹੀ ਅਸਲ ਟਰਾਫੀ ਹਨ।’
ਸੂਰੀਆ ਕੁਮਾਰ ਨੇ ਮਗਰੋਂ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ, ‘ਮੈਚ ਖਤਮ ਹੋਣ ਤੋਂ ਬਾਅਦ ਸਿਰਫ ਚੈਂਪੀਅਨ ਯਾਦ ਆਉਂਦੇ ਹਨ, ਟਰਾਫੀ ਦੀ ਤਸਵੀਰ ਨਹੀਂ।’ ਟੀਮ ਵੱਲੋਂ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਬਾਰੇ ਉਸ ਨੇ ਕਿਹਾ, ‘ਅਸੀਂ ਇਹ ਫੈਸਲਾ ਮੈਦਾਨ ’ਤੇ ਲਿਆ। ਕਿਸੇ ਨੇ ਸਾਨੂੰ ਅਜਿਹਾ ਕਰਨ ਲਈ ਨਹੀਂ ਕਿਹਾ।’ ਉਸ ਨੇ ਐਲਾਨ ਕੀਤਾ ਕਿ ਉਹ ਏਸ਼ੀਆ ਕੱਪ ਤੋਂ ਮਿਲਣ ਵਾਲੀ ਆਪਣੀ ਪੂਰੀ ਮੈਚ ਫੀਸ ਦੇਸ਼ ਦੀਆਂ ਹਥਿਆਰਬੰਦ ਫੌਜਾਂ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਦਾਨ ਕਰੇਗਾ। ਭਾਰਤੀ ਖਿਡਾਰੀ ਟੀ-20 ਫਾਰਮੈਟ ਵਿੱਚ ਪ੍ਰਤੀ ਮੈਚ 4 ਲੱਖ ਰੁਪਏ ਦੇ ਹੱਕਦਾਰ ਹਨ, ਜਿਸ ਦਾ ਮਤਲਬ ਹੈ ਕਿ ਸੂਰੀਆ ਕੁਮਾਰ ਸੱਤ ਮੈਚਾਂ ਤੋਂ ਮਿਲਣ ਵਾਲੇ 28 ਲੱਖ ਰੁਪਏ ਦਾਨ ਕਰੇਗਾ। ਭਾਰਤੀ �ਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨਵੰਬਰ ਵਿੱਚ ਹੋਣ ਵਾਲੀ ਕੌਮਾਂਤਰੀ ਕਿ੍ਰਕਟ ਕੌਂਸਲ (ਆਈ ਸੀ ਸੀ) ਦੀ ਅਗਲੀ ਮੀਟਿੰਗ ਵਿੱਚ ਏਸ਼ੀਆਈ ਕਿ੍ਰਕਟ ਕੌਂਸਲ (ਏ ਸੀ ਸੀ) ਦੇ ਮੁਖੀ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵਿਰੁੱਧ ਸਖਤ ਵਿਰੋਧ ਦਰਜ ਕਰੇਗਾ। ਦੁਬਈ ਵਿੱਚ ਭਾਰਤੀ ਟੀਮ ਵੱਲੋਂ ਨਕਵੀਂ ਹੱਥੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਨਕਵੀ ਨੇ ਚੈਂਪੀਅਨ ਟੀਮ ਨੂੰ ਟਰਾਫੀ ਹੀ ਨਹੀਂ ਦਿੱਤੀ। ਬੀ ਸੀ ਸੀ ਆਈ ਸਕੱਤਰ ਦੇਵਜੀਤ ਸੈਕੀਆ ਨੇ ਟੀਮ ਦੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ, ‘ਭਾਰਤ ਉਸ ਵਿਅਕਤੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦਾ, ਜੋ ਸਾਡੇ ਦੇਸ਼ ਵਿਰੁੱਧ ਜੰਗ ਛੇੜ ਰਿਹਾ ਹੈ। ਅਸੀਂ ਉਸ ਦੇ ਹੱਥੋਂ ਟਰਾਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇਸ ਨਾਲ ਉਸ ਨੂੰ ਟਰਾਫੀ ਅਤੇ ਮੈਡਲ ਆਪਣੇ ਨਾਲ ਹੋਟਲ ਲਿਜਾਣ ਦੀ ਖੁੱਲ੍ਹ ਨਹੀਂ ਮਿਲ ਜਾਂਦੀ। ਇਹ ਬਹੁਤ ਬਚਕਾਨਾ ਹਰਕਤ ਹੈ ਅਤੇ ਅਸੀਂ ਨਵੰਬਰ ਦੇ ਪਹਿਲੇ ਹਫਤੇ ਦੁਬਈ ਵਿੱਚ ਹੋਣ ਵਾਲੀ ਆਈ ਸੀ ਸੀ ਦੀ ਮੀਟਿੰਗ ਵਿੱਚ ਸਖਤ ਵਿਰੋਧ ਦਰਜ ਕਰਾਂਗੇ।’