ਨਾਹਨ : ਹਿਮਾਚਲ ਪ੍ਰਦੇਸ਼ ਸਰਕਾਰ ਬੜੇ ਮਾਣ ਨਾਲ ਅਧਿਆਪਕਾਂ ਨੂੰ ਮਹਿੰਗੇ ਵਿਦੇਸ਼ੀ ਦੌਰੇ ’ਤੇ ਭੇਜ ਰਹੀ ਹੈ, ਤਾਂ ਜੋ ਉਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੇਂ ਤਰੀਕਿਆਂ ਨਾਲ ਲੈਸ ਹੋ ਕੇ ਵਾਪਸ ਆਉਣ, ਪਰ ਸਿਰਮੌਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋਨਹਾਟ ਦੇ ਪਿ੍ਰੰਸੀਪਲ ਵੱਲੋਂ ਦਸਤਖਤ ਕੀਤੇ ਗਏ ਚੈੱਕ ਨੇ ਸਿੱਖਿਆ ਦੀ ਸਥਿਤੀ ਤੇ ਮਿਆਰ ਨੂੰ ਉਜਾਗਰ ਕਰ ਦਿੱਤਾ ਹੈ। ਸੱਤ ਹਜ਼ਾਰ ਛੇ ਸੌ ਸੋਲਾਂ ਰੁਪਏ ਦਾ ਇਹ ਚੈੱਕ ਆਪਣੀ ਰਕਮ ਲਈ ਨਹੀਂ, ਬਲਕਿ ਭਾਸ਼ਾਈ ਕਲਾਬਾਜ਼ੀਆਂ ਕਰਕੇ ਵਾਇਰਲ ਹੋਇਆ ਹੈ। ਹਾਲਾਂਕਿ ਇਕਾਈ, ਦਹਾਈ ਸੈਂਕੜੇ ਦੇ ਹਿਸਾਬ ਨਾਲ ਚੱੈਕ ’ਤੇ ਰਕਮ 7616/- ਸਹੀ ਲਿਖੀ ਗਈ ਹੈ, ਪਰ ਇਸ ਰਕਮ ਨੂੰ ਖੋਲ੍ਹ ਕੇ ਕੁਝ ਇਸ ਤਰ੍ਹਾਂ ਲਿਖਿਆ ਗਿਆ, “ 8 ?ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ ਕਿ ਜੇ ਸ਼ੈਕਸਪੀਅਰ ਜ਼ਿੰਦਾ ਹੁੰਦਾ, ਤਾਂ ਉਹ ਇਸ ਨੂੰ ਪੜ੍ਹਨ ਤੋਂ ਬਾਅਦ ਚੁੱਪਚਾਪ ਸੇਵਾਮੁਕਤ ਹੋ ਜਾਂਦਾ।
ਲੋਕਾਂ ਲਈ ਭਾਵੇਂ ਇਹ ਢਿੱਡੀਂ ਪੀੜਾਂ ਪਾਉਣ ਵਾਲਾ ਹੈ, ਪਰ ਸਕੂਲ ਪ੍ਰਬੰਧ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ। ਸੋਸ਼ਲ ਮੀਡੀਆ ’ਤੇ ਸਵਾਲਾਂ ਦਾ ਹੜ੍ਹ ਆ ਗਿਆ। ਇੱਕ ਨੇ ਕਿਹਾ ਜੇ ਕਿਸੇ ਸੀਨੀਅਰ ਸੈਕੰਡਰੀ ਸਕੂਲ ਦਾ ਪਿ੍ਰੰਸੀਪਲ ‘ਹਜ਼ਾਰ’ (“) ਦੀ ਥਾਂ ‘ਵੀਰਵਾਰ’ (“) ਅਤੇ ‘ਸੌ’ (8) ਦੀ ਥਾਂ ‘ਹਰੇਂਦਰ’ (8) ਲਿਖੇ ਤਾਂ ਫਿਰ ਵਿਦਿਆਰਥੀਆਂ ਲਈ ਕੀ ਉਮੀਦ ਬਚੀ ਹੈ। ਇਹ ਚੈੱਕ ਹੁਣ ਵਿੱਤੀ ਸਾਧਨ ਘੱਟ ਤੇ ਵਿਆਕਰਣ ਸਮਾਰਕ ਵਧੇਰੇ ਬਣ ਗਿਆ ਹੈ।
ਸਕੂਲ ਨੂੰ ਅੱਗੇ ਉਦੋਂ ਹੋਰ ਸ਼ਰਮਿੰਦਗੀ ਝੱਲਣੀ ਪਈ, ਜਦੋਂ ਬੈਂਕ ਨੇ ਚੈੱਕ ਰੱਦ ਕਰ ਦਿੱਤਾ। ਸਕੂਲ ਨੂੰ ਮਜਬੂਰੀਵੱਸ ਨਵਾਂ ਸੋਧਿਆ ਹੋਇਆ ਚੈੱਕ ਜਾਰੀ ਕਰਨਾ ਪਿਆ। ਬੈਂਕ ਵੱਲੋਂ ਰੱਦ ਕੀਤਾ ਅਸਲ ਚੈੱਕ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਮਿਆਰੀ ਸਿੱਖਿਆ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਣ ਲਈ ਮੋਟੇ ਬਿੱਲ ਤਾਰ ਰਹੀ ਹੈ। ਸ਼ਾਇਦ ਸਿੰਗਾਪੁਰ ਜਾਂ ਹੋਰਨਾਂ ਦੇਸ਼ਾਂ ਵਿੱਚ ਪੈਰ ਧਰਨ ਤੋਂ ਪਹਿਲਾਂ ਸ਼ਿਮਲਾ ਵਿੱਚ ਅੰਗਰੇਜ਼ੀ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਲਈ ਰੁਕਣ ਨਾਲ ਕਰਦਾਤਿਆਂ ਦੀਆਂ ਜੇਬਾਂ ’ਤੇ ਪੈਣ ਵਾਲਾ ਬੋਝ ਬਚ ਸਕਦਾ ਹੈ।
ਸੋਸ਼ਲ ਮੀਡੀਆ ’ਤੇ ਆਲੋਚਕਾਂ ਦਾ ਤਰਕ ਹੈ ਕਿ ਇਹ ਇੱਕ ਗਲਤੀ ਪੂਰੀ ਸੰਸਥਾ ਦੀ ਦਿੱਖ ਨੂੰ ਖਰਾਬ ਕਰਦੀ ਹੈ। ਵਾਇਰਲ ਚੈੱਕ ਬਾਰੇ ਸਕੂਲ ਦੇ ਪਿ੍ਰੰਸੀਪਲ ਦਾ ਪੱਖ ਜਾਣਨ ਲਈ ਉਨ੍ਹਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾ ਨਾਲ ਰਾਬਤਾ ਨਹੀਂ ਹੋ ਸਕਿਆ।





