ਨਵੀਂ ਦਿੱਲੀ : ਇੱਕ ਨਿੱਜੀ ਸੰਸਥਾਨ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੈਤਨਯਾਨੰਦ ਸਰਸਵਤੀ ਨੂੰ ਮੰਗਲਵਾਰ ਉਸ ਦੀਆਂ ਦੋ ਮਹਿਲਾ ਸਹਾਇਕਾਂ ਨਾਲ ਆਹਮੋ-ਸਾਹਮਣੇ ਕਰਵਾਇਆ ਗਿਆ | ਇਨ੍ਹਾਂ ਸਹਾਇਕਾਂ ‘ਤੇ ਕਥਿਤ ਤੌਰ ‘ਤੇ ਪੀੜਤਾਂ ਨੂੰ ਧਮਕਾਉਣ ਅਤੇ ਉਸ ਦੇ ਅਸ਼ਲੀਲ ਸੰਦੇਸ਼ਾਂ ਨੂੰ ਮਿਟਾਉਣ ਲਈ ਮਜਬੂਰ ਕਰਨ ਦਾ ਦੋਸ਼ ਹੈ | ਪੁਲਸ ਨੂੰ 62 ਸਾਲਾ ਸਰਸਵਤੀ ਦੇ ਫ਼ੋਨ ਵਿਚ ਕਈ ਅÏਰਤਾਂ ਨਾਲ ਵਾਰਤਾਲਾਪ ਦੇ ਸੰਦੇਸ਼ ਲੱਭੇ ਹਨ, ਜਿਨ੍ਹਾਂ ਵਿੱਚ ਉਸ ਨੇ ਉਨ੍ਹਾਂ ਨੂੰ ਝੂਠੇ ਵਾਅਦਿਆਂ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ | ਅਧਿਕਾਰੀ ਨੇ ਦੱਸਿਆ ਕਿ ਉਸ ਦੇ ਫ਼ੋਨਾਂ ਵਿੱਚ ਏਅਰ ਹੋਸਟੈੱਸਾਂ ਨਾਲ ਉਸ ਦੀਆਂ ਕਈ ਤਸਵੀਰਾਂ ਅਤੇ ਅÏਰਤਾਂ ਦੀਆਂ ਡਿਸਪਲੇ ਤਸਵੀਰਾਂ ਦੇ ਸਕਰੀਨ ਸ਼ਾਰਟ ਵੀ ਮਿਲੇ ਹਨ | ਅਧਿਕਾਰੀ ਨੇ ਦੱਸਿਆ ਕਿ ਸਰਸਵਤੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਲਗਾਤਾਰ ਪੁੱਛਗਿੱਛ ਕਰਨ ਵਾਲਿਆਂ ਨੂੰ ਗੁੰਮਰਾਹ ਕਰ ਰਿਹਾ ਹੈ | ਉਨ੍ਹਾ ਕਿਹਾ, ‘ਉਸ ਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ ਅਤੇ ਟਾਲਮਟੋਲ ਵਾਲੇ ਜਵਾਬ ਦੇ ਰਿਹਾ ਹੈ | ਉਸ ਦੀਆਂ ਦੋ ਮਹਿਲਾ ਸਹਿਯੋਗੀ, ਜੋ ਸੰਸਥਾਨ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੀਆਂ ਸਨ, ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਆਹਮੋ-ਸਾਹਮਣੇ ਕੀਤਾ ਜਾ ਰਿਹਾ ਹੈ |’ ਪੁਲਸ ਨੇ ਦੱਸਿਆ ਕਿ ਸਰਸਵਤੀ ਨੇ ਪੁੱਛਗਿੱਛ ਦੌਰਾਨ ਵਾਰ-ਵਾਰ ਝੂਠ ਬੋਲਿਆ, ਇੱਥੋਂ ਤੱਕ ਕਿ ਜਦੋਂ ਉਸ ਨੂੰ ਸਬੂਤਾਂ ਨਾਲ ਸਾਹਮਣਾ ਕਰਵਾਇਆ ਗਿਆ | ਉਨ੍ਹਾ ਕਿਹਾ ਕਿ ਉਹ ਸਿਰਫ਼ ਉਦੋਂ ਹੀ ਅਣਮੰਨੇ ਢੰਗ ਨਾਲ ਜਵਾਬ ਦਿੰਦਾ ਹੈ, ਜਦੋਂ ਉਸ ਨੂੰ ਦਸਤਾਵੇਜ਼ ਅਤੇ ਡਿਜੀਟਲ ਸਬੂਤ ਦਿਖਾਏ ਜਾਂਦੇ ਹਨ | ਸੋਮਵਾਰ ਚੈਤਨਯਾਨੰਦ ਨੂੰ ਸੰਸਥਾਨ ਦੇ ਕੈਂਪਸ ਵਿੱਚ ਵੀ ਲਿਜਾਇਆ ਗਿਆ, ਤਾਂ ਜੋ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ, ਜਿੱਥੇ ਉਹ ਆਪਣੀਆਂ ਪੀੜਤਾਂ ਨੂੰ ਬੁਲਾਉਂਦਾ ਸੀ | ਸਰਸਵਤੀ ਨੂੰ ਕਈ ਦਿਨਾਂ ਤੱਕ ਫਰਾਰ ਰਹਿਣ ਤੋਂ ਬਾਅਦ ਐਤਵਾਰ ਆਗਰਾ ਦੇ ਇੱਕ ਹੋਟਲ ਤੋਂ ਗਿ੍ਫਤਾਰ ਕੀਤਾ ਗਿਆ ਸੀ |




