ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ : ਰਾਹੁਲ

0
80

ਨਵੀਂ ਦਿੱਲੀ : ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਮੰਗਲਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਰਾਹੁਲ ਗਾਂਧੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੁਲਸ ਫਾਇਰਿੰਗ ‘ਚ 4 ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ ਹੈ |
ਬੁੱਧਵਾਰ ਲੱਦਾਖ ਵਿੱਚ ਮਾਰੇ ਗਏ ਲੋਕਾਂ ਵਿੱਚ ਕਾਰਗਿਲ ਜੰਗ ਦੇ ਸਾਬਕਾ ਫੌਜੀ ਤਸੇਵਾਂਗ ਥਾਰਚਿਨ ਵੀ ਸ਼ਾਮਿਲ ਸਨ | ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਗਾਂਧੀ ਦੋਵਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਉਸ ਦੀ ਮੌਤ ਦੇ ਦੁਆਲੇ ਕੇਂਦਰਤ ਕੀਤਾ | ਖੜਗੇ ਨੇ ਥਾਰਚਿਨ ਦੇ ਪਿਤਾ ਦਾ ਇੱਕ ਵੀਡੀਓ ਐੱਕਸ ‘ਤੇ ਪੋਸਟ ਕੀਤਾ ਅਤੇ ਕਿਹਾ ਕਿ ਲੱਦਾਖ ਦਾ ਦੁੱਖ ਪੂਰੇ ਦੇਸ਼ ਦਾ ਦੁੱਖ ਹੈ | ਖੜਗੇ ਨੇ ਕਿਹਾ, ‘ਸ਼ਹੀਦ ਤਸੇਵਾਂਗ ਥਾਰਚਿਨ ਨੇ ਕਾਰਗਿਲ ਜੰਗ ਵਿੱਚ ਮਾਂ ਭਾਰਤ ਪ੍ਰਤੀ ਆਪਣਾ ਫਰਜ਼ ਨਿਭਾਇਆ…ਬਦਲੇ ਵਿੱਚ ਉਸ ਨੂੰ ਕੀ ਮਿਲਿਆ? ਲੱਦਾਖ ਵਿੱਚ ਮੋਦੀ ਸਰਕਾਰ ਦੀ ਗੋਲੀ! ਪਿਤਾ ਵੀ ਫੌਜ ਵਿੱਚ ਸਨ, ਪੁੱਤਰ ਵੀ ਫੌਜ ਵਿੱਚ ਸੀ |’ ਉਨ੍ਹਾਂ ਕਿਹਾ, ”ਜਦੋਂ ਗਲਵਾਨ ਵਿੱਚ ਐੱਲ ਏ ਸੀ ‘ਤੇ ਸਾਡੇ 20 ਬਹਾਦਰ ਜਵਾਨਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਤਾਂ ਮੋਦੀ ਜੀ ਨੇ ਖੁਦ ਚੀਨ ਨੂੰ ‘ਕਲੀਨ ਚਿੱਟ’ ਦਿੱਤੀ! ਜੇਕਰ ਉਨ੍ਹਾ ਨੂੰ ਉਦੋਂ ਸਾਡੇ ਬਹਾਦਰ ਜਵਾਨਾਂ ਦੀ ਬਹਾਦਰੀ ਯਾਦ ਨਹੀਂ ਰਹੀ, ਤਾਂ ਹੁਣ ਵੀ ਮੌਕਾ ਹੈ, ਜੋ ਚੀਨ ਨੂੰ ‘ਕਲੀਨ ਚਿੱਟ’ ਦੇ ਸਕਦੇ ਹਨ, ਉਹ ਸਾਡੇ ਤਸੇਵਾਂਗ ਥਾਰਚਿਨ ਵਰਗੇ ਬਹਾਦਰ ਜਵਾਨਾਂ ਦੀ ਸ਼ਹਾਦਤ ਦਾ ਕੀ ਸਤਿਕਾਰ ਕਰਨਗੇ |” ਖੜਗੇ ਨੇ ਦਾਅਵਾ ਕੀਤਾ ਕਿ ਇਹ ਭਾਜਪਾ ਦਾ ਖੋਖਲਾ ਰਾਸ਼ਟਰਵਾਦ ਹੈ | ਦੱਖਣੀ ਅਮਰੀਕਾ ਦੇ ਚਾਰ ਦੇਸ਼ਾਂ ਦੇ ਦੌਰੇ ‘ਤੇ ਗਏ ਰਾਹੁਲ ਨੇ ਵੀ ਥਾਰਚਿਨ ਦੇ ਪਿਤਾ ਦਾ ਉਹੀ ਵੀਡੀਓ ਪੋਸਟ ਕੀਤਾ ਅਤੇ ਕਿਹਾ, ‘ਪਿਤਾ ਫੌਜ ਵਿੱਚ, ਪੁੱਤਰ ਫੌਜ ਵਿੱਚ ਦੇਸ਼ ਭਗਤੀ ਉਨ੍ਹਾਂ ਦੇ ਖੂਨ ਵਿੱਚ ਹੈ | ਫਿਰ ਵੀ ਭਾਜਪਾ ਸਰਕਾਰ ਨੇ ਦੇਸ਼ ਦੇ ਇਸ ਬਹਾਦਰ ਪੁੱਤਰ ਨੂੰ ਸਿਰਫ਼ ਇਸ ਲਈ ਗੋਲੀ ਮਾਰ ਕੇ ਮਾਰ ਦਿੱਤਾ, ਕਿਉਂਕਿ ਉਹ ਲੱਦਾਖ ਅਤੇ ਆਪਣੇ ਹੱਕਾਂ ਲਈ ਖੜ੍ਹਾ ਹੋਇਆ ਸੀ |’ ਉਨ੍ਹਾਂ ਨਾਲ ਗੱਲਬਾਤ ਕਰੋ, ਹਿੰਸਾ ਅਤੇ ਡਰ ਦੀ ਰਾਜਨੀਤੀ ਬੰਦ ਕਰੋ |