ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਦੀ ਮਾਤਾ ਕਮਲਤਾਈ ਗਵਈ ਨੇ ਕਿਹਾ ਕਿ ਉਹ ਪੰਜ ਅਕਤੂਬਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਣਗੇ | (ਰਿਪੋਰਟਾਂ ਛਪੀਆਂ ਸਨ ਕਿ ਆਰ ਐੱਸ ਐੱਸ ਨੇ ਕਮਲਤਾਈ ਨੂੰ ਪ੍ਰੋਗਰਾਮ ਲਈ ਸੱਦਿਆ ਹੈ |) ਕਮਲਤਾਈ ਨੇ ਕਿਹਾ ਹੈ ਕਿ ਉਹ ਪੱਕੇ ਅੰਬੇਡਕਰਵਾਦੀ ਹਨ ਤੇ ਉਹ ਆਰ ਐੱਸ ਐੱਸ ਦੇ ਪ੍ਰੋਗਰਾਮ ਵਿੱਚ ਕਿਸੇ ਵੀ ਹਾਲਤ ‘ਚ ਸ਼ਾਮਲ ਨਹੀਂ ਹੋਣਗੇ | ਆਰ ਐੱਸ ਐੱਸ ਦੇ ਅਮਰਾਵਤੀ ਮਹਾਂਨਗਰ ਯੂਨਿਟ ਨੇ ਕਿਰਨ ਨਗਰ ਦੇ ਸ੍ਰੀਮਤੀ ਨਰਸੰਮਾ ਮਹਾਂਵਿਦਿਆਲਿਆ ਮੈਦਾਨ ‘ਚ ਵਿਜੇਦਸ਼ਮੀ ਦੇ ਮੁੱਖ ਮਹਿਮਾਨ ਵਜੋਂ ਕਮਲਤਾਈ ਗਵਈ ਨੂੰ ਸੱਦਿਆ ਸੀ | ਕਈ ਟੀ ਵੀ ਚੈਨਲਾਂ ਨੇ ਕਿਹਾ ਸੀ ਕਿ ਕਮਲਤਾਈ ਨੇ ਸੱਦਾ ਪ੍ਰਵਾਨ ਕਰ ਲਿਆ ਹੈ |
ਕਮਲਤਾਈ ਨੇ ਹੱਥ ਲਿਖਤ ਪੱਤਰ ਵਿੱਚ ਕਿਹਾ ਹੈ, ‘ਹਾਲ ਹੀ ਵਿੱਚ ਆਰ ਐੱਸ ਐੱਸ ਦੇ ਅਮਰਾਵਤੀ ਪ੍ਰੋਗਰਾਮ ਵਿੱਚ ਮੇਰੇ ਸ਼ਾਮਲ ਹੋਣ ਬਾਰੇ ਛਪੀਆਂ ਖਬਰਾਂ ਕੋਰਾ ਝੂਠ ਹਨ | ਦਾਦਾ ਸਾਹਿਬ ਗਵਈ ਚੈਰੀਟੇਬਲ ਟਰੱਸਟ ਦੀ ਬਾਨੀ ਪ੍ਰਧਾਨ ਹੋਣ ਦੇ ਨਾਤੇ ‘ਤੇ ਮੈਂ ਅੰਬੇਡਕਰੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੀ ਹਾਂ ਅਤੇ ਮੈਂ ਤੇ ਮੇਰਾ ਪਰਵਾਰ ਭਾਰਤ ਦੇ ਸੰਵਿਧਾਨ ਪ੍ਰਤੀ ਪ੍ਰਤੀਬੱਧ ਹਨ | ਮੈਂ ਆਰ ਐੱਸ ਐੱਸ ਦੇ ਅਮਰਾਵਤੀ ਪ੍ਰੋਗਰਾਮ ਵਿੱਚ ਕਿਸੇ ਵੀ ਸੂਰਤ ‘ਚ ਸ਼ਾਮਲ ਨਹੀਂ ਹੋਵਾਂਗੀ |’
ਕਮਲਤਾਈ ਨੇ ਕਿਹਾ ਕਿ ਭਾਵੇਂ ਵਿਜੇ ਦਸ਼ਮੀ ਹਿੰਦੂ ਸੱਭਿਆਚਾਰ ਵਿੱਚ ਅਹਿਮ ਥਾਂ ਰੱਖਦੀ ਹੈ, ਪਰ ਉਨ੍ਹਾ ਤੇ ਕਈ ਹੋਰਨਾਂ ਅੰਬੇਡਕਰੀਆਂ ਲਈ ਅਸ਼ੋਕ ਵਿਜੇ ਦਸ਼ਮੀ (ਧੰਮਚੱਕਰ ਪਰਿਵਰਤਨ ਦਿਨ) ਵਧੇਰੇ ਅਹਿਮ ਹੈ | (ਬੋਧੀ ਕਲਿੰਗਾ ਦੀ ਜੰਗ ਤੋਂ ਬਾਅਦ ਹਿੰਸਾ ਤਿਆਗ ਕੇ ਬੁੱਧ ਧਰਮ ਅਪਣਾਉਣ ਵਾਲੇ ਸਮਰਾਟ ਅਸ਼ੋਕ ਦੀ ਯਾਦ ਵਿੱਚ ਅਸ਼ੋਕ ਵਿਜੇ ਦਸ਼ਮੀ ਮਨਾਉਂਦੇ ਹਨ |)
ਉਨ੍ਹਾ ਬਾਰੇ ਚਲਾਈਆਂ ਗਈਆਂ ਖਬਰਾਂ ਨੂੰ ਆਰ ਐੱਸ ਐੱਸ ਦਾ ਪ੍ਰਾਪੇਗੰਡਾ ਗਰਦਾਨਦਿਆਂ ਕਮਲਤਾਈ ਨੇ ਇਨ੍ਹਾਂ ਰਿਪੋਰਟਾਂ ਦੀ ਨਿੰਦਾ ਕੀਤੀ ਕਿ ਉਨ੍ਹਾ ਸੱਦਾ ਪ੍ਰਵਾਨ ਕਰ ਲਿਆ ਹੈ | ਉਨ੍ਹਾ ਕਿਹਾ, ‘ਇਹ ਗਲਤ ਸੂਚਨਾ ਫੈਲਾਈ ਗਈ ਤੇ ਲੋਕ ਗੁੰਮਰਾਹ ਨਾ ਹੋਣ | ਅੰਬੇਡਕਰੀ ਲੋਕ ਮੇਰੇ ਵਿੱਚ ਭਰੋਸਾ ਰੱਖਣ | ਮੇਰੀ ਸਹਿਮਤੀ ਜਾਂ ਲਿਖਤੀ ਮਨਜ਼ੂਰੀ ਤੋਂ ਬਿਨਾਂ ਖਬਰਾਂ ਫੈਲਾਉਣਾ ਆਰ ਐੱਸ ਐੱਸ ਦੀ ਸਾਜ਼ਿਸ਼ ਹੈ | ਮੈਂ ਸੱਦਾ ਪ੍ਰਵਾਨ ਨਹੀਂ ਕੀਤਾ |’
ਦਰਅਸਲ ਇਸ ਮਾਮਲੇ ‘ਚ ਘਚੋਲਾ ਮੰਗਲਵਾਰ ਸਵੇਰੇ ਉਦੋਂ ਵਧ ਗਿਆ ਸੀ, ਜਦੋਂ ਚੀਫ ਜਸਟਿਸ ਦੇ ਛੋਟੇ ਭਰਾ ਰਜਿੰਦਰ ਗਵਈ, ਜੋ ਸਿਆਸਤਦਾਨ ਤੇ ਡਾਕਟਰ ਹੈ, ਨੇ ਖਬਰ ਏਜੰਸੀ ਏ ਐੱਨ ਆਈ ਨੂੰ ਦੱਸਿਆ ਕਿ ਉਨ੍ਹਾ ਦੀ ਮਾਤਾ ਨੇ ਸੱਦਾ ਵਾਕਈ ਪ੍ਰਵਾਨ ਕੀਤਾ ਹੈ | ਉਸ ਨੇ ਕਿਹਾ, ‘ਮੇਰੇ ਪਿਤਾ (ਆਰ ਐੱਸ ਗਵਈ) ਹਰ ਪਾਰਟੀ ਦੇ ਆਗੂਆਂ ਦੇ ਕਰੀਬੀ ਰਹੇ | ਉਹ ਇੰਦਰਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਦੇ ਕਰੀਬੀ ਰਹੇ ਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਰਹੇ | ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾ ਆਪਣੇ ਸਿਆਸੀ ਵਿਚਾਰਾਂ ਨਾਲ ਸਮਝੌਤਾ ਕੀਤਾ |’ ਰਜਿੰਦਰ ਗਵਈ ਨੇ ਇਹ ਵੀ ਕਿਹਾ ਕਿ ਮਾਤਾ ਨੇ ਜਿਹੜੇ ਪ੍ਰੋਗਰਾਮ ਦਾ ਸੱਦਾ ਪ੍ਰਵਾਨ ਕੀਤਾ ਉਹ ਮੁੱਖ ਪ੍ਰੋਗਰਾਮ ਨਹੀਂ ਹੈ | ਉਨ੍ਹਾ ਦੇ ਪਿਤਾ ਅਜਿਹੇ ਪ੍ਰੋਗਰਾਮਾਂ ਵਿੱਚ ਜਾਂਦੇ ਰਹੇ ਹਨ | ਮਾਤਾ ਨੇ ਵੀ ਇਸੇ ਹਿਸਾਬ ਨਾਲ ਸੱਦਾ ਪ੍ਰਵਾਨ ਕਰ ਲਿਆ |
ਆਰ ਐੱਸ ਗਵਈ, ਜਿਨ੍ਹਾ ਦਾ 2015 ਵਿੱਚ ਦੇਹਾਂਤ ਹੋ ਗਿਆ ਸੀ, ਸੀਨੀਅਰ ਅੰਬੇਡਕਰੀ ਲੀਡਰ ਸਨ | ਉਹ ਬਿਹਾਰ ਤੇ ਕੇਰਲਾ ਦੇ ਗਵਰਨਰ ਰਹੇ ਅਤੇ ਉਨ੍ਹਾ ਰਿਪਬਲੀਕਨ ਪਾਰਟੀ ਆਫ ਇੰਡੀਆ (ਗਵਈ) ਬਣਾਈ ਸੀ | ਕਮਲਤਾਈ ਦਾ ਪੱਤਰ ਮੀਡੀਆ ਵਿੱਚ ਆਉਣ ਤੋਂ ਬਾਅਦ ਰਜਿੰਦਰ ਨੇ ਵੀ ਪੁਜ਼ੀਸ਼ਨ ਬਦਲ ਲਈ | ਉਸ ਨੇ ਕਿਹਾ, ‘ਜੇ ਮਾਤਾ ਪ੍ਰੋਗਰਾਮ ਵਿੱਚ ਜਾਂਦੇ ਹਨ ਤਾਂ ਮੈਂ ਉਨ੍ਹਾ ਦੇ ਨਾਲ ਹਾਂ ਤੇ ਜੇ ਨਹੀਂ ਜਾਂਦੇ ਤਾਂ ਵੀ ਉਨ੍ਹਾ ਦੇ ਨਾਲ ਹਾਂ |’ ਇਸ ਦੇ ਨਾਲ ਹੀ ਉਸ ਨੇ ਕਿਹਾ, ”ਮਾਤਾ ਦੇ ਪੱਤਰ ਦੀ ਅਸਲੀਅਤ ਬਾਰੇ ਮੈਂ ਪੱਕਾ ਨਹੀਂ | ਮਾਤਾ ਅੱਜਕੱਲ੍ਹ ਠੀਕ ਨਹੀਂ ਰਹਿੰਦੀ | ਮੈਂ ਪੱਕਾ ਨਹੀਂ ਕਹਿ ਸਕਦਾ ਕਿ ਮੀਡੀਆ ਵਿੱਚ ਆਇਆ ਪੱਤਰ ਸੱਚੀਮੁੱਚੀਂ ਉਨ੍ਹਾ ਲਿਖਿਆ |’





