ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੈਨੇਟ ਤੋਂ ਫੰਡਿੰਗ ਬਿੱਲ ਪਾਸ ਕਰਾਉਣ ਵਿੱਚ ਨਾਕਾਮ ਰਹਿਣ ‘ਤੇ ਕਈ ਗੈਰਜ਼ਰੂਰੀ ਸਰਕਾਰੀ ਕੰਮਕਾਜ ਠੱਪ ਹੋ ਗਏ ਹਨ, ਜਿਸ ਨਾਲ ਕਰੀਬ 9 ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਦੇ ਛੁੱਟੀ ‘ਤੇ ਘੱਲਣ ਦੀ ਨੌਬਤ ਆ ਗਈ ਹੈ | ਬਿੱਲ ਪਾਸ ਕਰਾਉਣ ਲਈ 60 ਵੋਟਾਂ ਦਰਕਾਰ ਸਨ, ਪਰ ਬਿੱਲ ਦੇ ਹੱਕ ਵਿੱਚ 55 ਤੇ ਵਿਰੋਧ ਵਿੱਚ 45 ਵੋਟਾਂ ਪਈਆਂ | ਟਰੰਪ ਦੀ ਰਿਪਬਲੀਕਨ ਪਾਰਟੀ ਨੂੰ ਆਪੋਜ਼ੀਸ਼ਨ ਡੈਮੋਕਰੇਟਾਂ ਦੀਆਂ ਵੋਟਾਂ ਚਾਹੀਦੀਆਂ ਸਨ, ਪਰ ਡੈਮੋਕਰੇਟਾਂ ਨੇ ਵਿਰੋਧ ਵਿੱਚ ਵੋਟਾਂ ਪਾਈਆਂ | 100 ਮੈਂਬਰੀ ਸੈਨੇਟ ਵਿੱਚ 53 ਰਿਪਬਲੀਕਨ, 45 ਡੈਮੋਕਰੇਟ ਤੇ 2 ਆਜ਼ਾਦ ਮੈਂਬਰ ਹਨ |
ਅਮਰੀਕਾ ਵਿੱਚ ਸਰਕਾਰ ਨੂੰ ਹਰ ਸਾਲ ਬਜਟ ਪਾਸ ਕਰਾਉਣਾ ਹੁੰਦਾ ਹੈ | ਜੇ ਸੰਸਦ ਬਜਟ ‘ਤੇ ਸਹਿਮਤ ਨਹੀਂ ਹੁੰਦੀ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਅਤੇ ਸਰਕਾਰ ਨੂੰ ਮਿਲਣ ਵਾਲਾ ਪੈਸਾ ਰੁਕ ਜਾਂਦਾ ਹੈ | ਇਸ ਨਾਲ ਕੁਝ ਸਰਕਾਰੀ ਵਿਭਾਗਾਂ ਤੇ ਸੇਵਾਵਾਂ ਨੂੰ ਪੈਸੇ ਨਹੀਂ ਮਿਲਦੇ | ਇਸ ਕਰਕੇ ਗੈਰਜ਼ਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਇਸ ਨੂੰ ਹੀ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ |
ਰਿਪਬਲੀਕਨ ਪਾਰਟੀ ਬੁੱਧਵਾਰ ਦੇਰ ਰਾਤ ਫਿਰ ਫੰਡਿੰਗ ਬਿੱਲ ‘ਤੇ ਵੋਟਿੰਗ ਕਰਾਉਣ ਦੀ ਤਿਆਰੀ ਵਿੱਚ ਸੀ | ਰਿਪਬਲੀਕਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਡੈਮੋਕਰੇਟ ਬਿੱਲ ਦੀ ਹਮਾਇਤ ਨਹੀਂ ਕਰਦੇ, ਤਦ ਤੱਕ ਇਸ ਬਿੱਲ ਨੂੰ ਰੋਜ਼ਾਨਾ ਪੇਸ਼ ਕੀਤਾ ਜਾਵੇਗਾ | ਦੋਹਾਂ ਪਾਰਟੀਆਂ ਵਿਚਾਲੇ ਓਬਾਮਾ ਹੈੱਲਥ ਕੇਅਰ (ਸਿਹਤ ਬੀਮਾ) ਨੂੰ ਲੈ ਕੇ ਠਣੀ ਹੋਈ ਹੈ | ਡੈਮੋਕਰੇਟ ਚਾਹੁੰਦੇ ਹਨ ਕਿ ਹੈੱਲਥ ਕੇਅਰ ਦੀ ਸਬਸਿਡੀ ਵਧਾਈ ਜਾਵੇ | ਟਰੰਪ ਇਸ ਲਈ ਤਿਆਰ ਨਹੀਂ | ਸ਼ਟਡਾਊਨ ਕਾਰਨ ਟਰੰਪ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਰਕਾਰੀ ਨੌਕਰੀ ਤੋਂ ਹਟਾ ਸਕਦਾ ਹੈ | 2025 ਵਿੱਚ ਪਹਿਲਾਂ ਹੀ ਉਹ ਕੇਂਦਰੀ ਨੌਕਰੀਆਂ ਵਿੱਚ 3 ਲੱਖ ਦੀ ਕਟੌਤੀ ਕਰ ਚੁੱਕਾ ਹੈ | ਇਹ ਟਰੰਪ ਦੀ ਨੀਤੀ ਦਾ ਹਿੱਸਾ ਹੈ |
ਅਮਰੀਕੀ ਮਾਲੀ ਸਾਲ ਇੱਕ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਤੇ ਇਸ ਤੋਂ ਪਹਿਲਾਂ ਬਜਟ ਪਾਸ ਕਰਨਾ ਹੁੰਦਾ ਹੈ | ਅਮਰੀਕਾ ਵਿੱਚ ਪਿਛਲੇ 50 ਸਾਲਾਂ ‘ਚ 20 ਵਾਰ ਸ਼ਟਡਾਊਨ ਹੋਇਆ ਹੈ | ਟਰੰਪ ਦੇ ਪਿਛਲੇ ਕਾਰਜਕਾਲ ਵਿੱਚ ਹੀ ਤਿੰਨ ਵਾਰ ਹੋਇਆ ਸੀ | 2019 ਦਾ ਸ਼ਟਡਾਊਨ ਸਭ ਤੋਂ ਵੱਧ 35 ਦਿਨ ਚੱਲਿਆ ਸੀ | ਇਸ ਨਾਲ ਅਮਰੀਕੀ ਅਰਥਚਾਰੇ ਨੂੰ 25 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਸੀ |




