ਸਰਕਾਰਾਂ ਆਪਣੀ ਮਸ਼ਹੂਰੀ ਕਰਾਉਣ ਲਈ ਲੋਕਾਂ ਦੇ ਟੈਕਸ ਤੋਂ ਹੋਈ ਕਮਾਈ ਦੀ ਕਿਵੇਂ ਬਰਬਾਦੀ ਕਰਦੀਆਂ ਹਨ, ਇਸ ਦੀ ਮਿਸਾਲ ਉੱਤਰਾਖੰਡ ਵਿੱਚ ਪੁਸ਼ਕਰ ਸਿੰਘ ਧਾਮੀ ਦੀ ਭਾਜਪਾ ਸਰਕਾਰ ਵੱਲੋਂ ਇਸ਼ਤਿਹਾਰਾਂ ‘ਤੇ ਖਰਚੇ ਜਾ ਰਹੇ ਧਨ ਤੋਂ ਮਿਲਦੀ ਹੈ | ਪੰਜ ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਸਾਧਨਾ ਕਰਨ ਪੁੱਜੇ ਸਨ ਤਾਂ ਭਾਰਤੀ ਮੀਡੀਆ ਨੇ ਪਲ-ਪਲ ਦੀ ਲਾਈਵ ਕਵਰੇਜ ਕੀਤੀ ਸੀ | ਉਦੋਂ ਧਾਮੀ ਦੀ ਸਰਕਾਰ ਨੇ ਲੋਕਾਂ ਨੂੰ ਵੀ ਮੈਸੇਜ ਭੇਜੇ ਸਨ, ਜਿਨ੍ਹਾਂ ‘ਤੇ 49.73 ਲੱਖ ਰੁਪਏ ਖਰਚ ਹੋਏ ਸਨ | ਪਰਦੇ ਚਾਕ ਕਰਨ ਲਈ ਪ੍ਰਸਿੱਧ ਵੈੱਬਸਾਈਟ ‘ਨਿਊਜ਼ਲਾਂਡਰੀ’ ਮੁਤਾਬਕ 13 ਜੁਲਾਈ 2024 ਨੂੰ ਹਰੇਲਾ ਤਿਉਹਾਰ ਮੌਕੇ ਧਾਮੀ ਵੱਲੋਂ ਪ੍ਰਦੇਸ਼ ਵਾਸੀਆਂ ਨੂੰ ਵਟਸਐਪ ਰਾਹੀਂ ਵਧਾਈ ਸੰਦੇਸ਼ ਭੇਜੇ ਗਏ, ਜਿਨ੍ਹਾਂ ‘ਤੇ 37.48 ਲੱਖ ਰੁਪਏ ਖਰਚ ਹੋਏ | ਇੱਕ ਮਹੀਨੇ ਬਾਅਦ ਇੱਕ ਵਾਰ ਫਿਰ 13 ਅਗਸਤ ਨੂੰ ਹਰੇਲਾ ‘ਤੇ ਵਧਾਈ ਸੰਦੇਸ਼ ਭੇਜਿਆ, ਜਿਸ ‘ਤੇ 37.45 ਲੱਖ ਰੁਪਏ ਖਰਚ ਹੋਏ | ਯਾਨੀ ਇੱਕ ਹਰੇਲਾ ਤਿਉਹਾਰ ‘ਤੇ ਮੁੱਖ ਮੰਤਰੀ ਦੀ ਦੋ ਵਾਰ ਵਧਾਈ ਨੇ ਕਰੀਬ 75 ਲੱਖ ਰੁਪਏ ਰੋੜ੍ਹ ਦਿੱਤੇ | ਪੀ ਵੀ ਆਰ ਸਿਨੇਮਾ ਹਾਲ ਜਾਣ ਵਾਲਿਆਂ ਨੇ ਉੱਤਰਾਖੰਡ ਸਰਕਾਰ ਦੇ ਇਸ਼ਤਿਹਾਰ ਦੇਖੇ ਹੋਣਗੇ | ਸਿਰਫ 2023-24 ਵਿੱਚ ਹੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ‘ਤੇ 17.44 ਕਰੋੜ ਰੁਪਏ ਖਰਚੇ ਗਏ | ਪਿਛਲੇ ਪੰਜ ਸਾਲਾਂ ਵਿੱਚ ਸੂਬਾ ਸਰਕਾਰ ਨੇ ਇਸ਼ਤਿਹਾਰਾਂ ‘ਤੇ 1001.07 ਕਰੋੜ ਰੁਪਏ ਖਰਚੇ, ਜਿਹੜੇ ਔਸਤਨ ਰੋਜ਼ਾਨਾ ਲੱਗਭੱਗ 55 ਲੱਖ ਰੁਪਏ ਬਣਦੇ ਹਨ | 2020-21 ਤੋਂ ਲੈ ਕੇ 2024-25 ਤੱਕ ਇਸ਼ਤਿਹਾਰਾਂ ‘ਤੇ ਖਰਚੇ ਗਏ ਪੈਸਿਆਂ ਦੇ ਦਸਤਾਵੇਜ਼ ਦੱਸਦੇ ਹਨ ਕਿ ਧਾਮੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸਰਕਾਰ ਘੱਟ ਖਰਚ ਕਰਦੀ ਸੀ, ਉਨ੍ਹਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਖਰਚ ਤੇਜ਼ੀ ਨਾਲ ਵਧਿਆ | 2020-21 ਵਿੱਚ ਤਿ੍ਵੇਂਦਰ ਸਿੰਘ ਰਾਵਤ ਦੇ ਮੁੱਖ ਮੰਤਰੀ ਹੋਣ ਵੇਲੇ ਇਸ਼ਤਿਹਾਰਾਂ ‘ਤੇ ਕੁਲ ਖਰਚ 77.71 ਕਰੋੜ ਰੁਪਏ ਹੋਇਆ ਸੀ | ਮਾਰਚ 2021 ਵਿੱਚ ਰਾਵਤ ਦੇ ਅਸਤੀਫਾ ਦੇਣ ਤੋਂ ਬਾਅਦ ਤੀਰਥ ਸਿੰਘ ਰਾਵਤ ਮੁੱਖ ਮੰਤਰੀ ਬਣੇ, ਪਰ 4 ਜੁਲਾਈ ਨੂੰ ਅਸਤੀਫਾ ਦੇ ਗਏ ਤੇ ਫਿਰ ਧਾਮੀ ਮੁੱਖ ਮੰਤਰੀ ਬਣ ਗਏ | ਧਾਮੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2020-21 ਵਿੱਚ ਹੀ ਇਸ਼ਤਿਹਾਰਾਂ ‘ਤੇ ਖਰਚ ਚਾਰ ਗੁਣਾ ਵਧ ਕੇ 227.35 ਕਰੋੜ ਰੁਪਏ ਹੋ ਗਿਆ ਅਤੇ 2024-25 ਵਿੱਚ 290.29 ਕਰੋੜ ਰੁਪਏ ਤੱਕ ਪੁੱਜ ਗਿਆ | ਸੂਬਾ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਟੀ ਵੀ ਚੈਨਲਾਂ ਨੂੰ ਲੱਗਭੱਗ 427 ਕਰੋੜ ਦੇ ਇਸ਼ਤਿਹਾਰ ਦਿੱਤੇ | ਇਨ੍ਹਾਂ ਵਿੱਚੋਂ 402 ਕਰੋੜ ਰੁਪਏ ਧਾਮੀ ਦੇ ਦੌਰ ਦੇ ਪਿਛਲੇ ਚਾਰ ਸਾਲਾਂ ਵਿੱਚ ਦਿੱਤੇ ਗਏ | ਧਾਮੀ ਦੇ ਦੌਰ ਵਿੱਚ ਅਖਬਾਰਾਂ (129.6 ਕਰੋੜ), ਡਿਜੀਟਲ ਮੀਡੀਆ (61.9 ਕਰੋੜ), ਰੇਡੀਓ (30.9 ਕਰੋੜ), ਸਿਨਮਿਆਂ (23.4 ਕਰੋੜ), ਐੱਸ ਐੱਮ ਐੱਸ (40.4 ਕਰੋੜ), ਆਊਟਡੋਰ ਇਸ਼ਤਿਹਾਰਬਾਜ਼ੀ (49.5 ਕਰੋੜ), ਪੁਸਤਕਾਂ (56 ਕਰੋੜ) ਅਤੇ ਅਖਬਾਰੀ ਏਜੰਸੀਆਂ (128.7 ਕਰੋੜ) ‘ਤੇ ਕੁਲ 923 ਕਰੋੜ ਖਰਚ ਹੋਏ | ਭਾਜਪਾ ਸਰਕਾਰ ਨੇ ਨਾ ਸਿਰਫ ਪ੍ਰਦੇਸ਼ ਦੇ ਖੇਤਰੀ ਤੇ ਕੌਮੀ ਚੈਨਲਾਂ ਨੂੰ ਇਸ਼ਤਿਹਾਰ ਦਿੱਤੇ, ਨਾਗਾਲੈਂਡ, ਓਡੀਸ਼ਾ ਤੇ ਆਸਾਮ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਦੇ ਨਿੱਕੇ-ਮੋਟੇ ਨਿਊਜ਼ ਚੈਨਲਾਂ ਨੂੰ ਚੋਖੇ ਇਸ਼ਤਿਹਾਰ ਦਿੱਤੇ | ਕੌਮੀ ਚੈਨਲਾਂ ਨੂੰ 105.7 ਕਰੋੜ ਦਿੱਤੇ ਗਏ | ਸਭ ਤੋਂ ਵੱਧ ਨਿਊਜ਼ 18 ਇੰਡੀਆ ਨੂੰ ਮਿਲੇ | ਰਿਲਾਇੰਸ ਦੀ ਮਾਲਕੀ ਵਾਲੇ ਇਸ ਚੈਨਲ ਨੂੰ ਸਿਰਫ 2024-25 ਵਿੱਚ ਹੀ 5.69 ਕਰੋੜ ਮਿਲੇ | ਟਾਈਮਜ਼ ਨਾਉ ਨੂੰ 4.79 ਕਰੋੜ, ਆਜ ਤਕ ਸਣੇ ਟੀ ਵੀ ਟੂਡੇ ਨੈੱਟਵਰਕ ਨੂੰ 4.62 ਕਰੋੜ ਮਿਲੇ | ਐੱਨ ਡੀ ਟੀ ਵੀ ਨੂੰ ਵੀ ਅਡਾਨੀ ਗਰੁੱਪ ਦੀ ਮਾਲਕੀ ਹੇਠ ਆਉਣ ਤੋਂ ਬਾਅਦ 2.88 ਕਰੋੜ ਮਿਲੇ | ਖੇਤਰੀ ਚੈਨਲਾਂ ਨੂੰ 296.8 ਕਰੋੜ ਮਿਲੇ | 2021-22 ਵਿੱਚ ਅਸੈਂਬਲੀ ਚੋਣਾਂ ਵੇਲੇ ਇਨ੍ਹਾਂ ਚੈਨਲਾਂ ਨੂੰ 98.79 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ |
ਇਸ਼ਤਿਹਾਰਬਾਜ਼ੀ ‘ਤੇ ਖਰਚੇ ਗਏ ਏਨੇ ਪੈਸਿਆਂ ਨਾਲ ਲੋਕ ਭਲਾਈ ਦੇ ਕਈ ਕੰਮ ਹੋ ਸਕਦੇ ਸਨ, ਪਰ ਸਰਕਾਰ ਨੇ ਆਪਣੀ ਮਸ਼ਹੂਰੀ ਕਰਨ ਨੂੰ ਹੀ ਪਹਿਲ ਦਿੱਤੀ | ਅਫਸੋਸ ਦੀ ਗੱਲ ਹੈ ਕਿ ਟੈਕਸਾਂ ਦੇ ਪੈਸਿਆਂ ਦੀ ਏਨੀ ਬਰਬਾਦੀ ਹੁੰਦੀ ਦੇਖ ਕੇ ਵੀ ਲੋਕ ਫਿਰ ਅਜਿਹੇ ਆਗੂਆਂ ਤੇ ਪਾਰਟੀਆਂ ਨੂੰ ਚੁਣ ਕੇ ਆਪਣੇ ਸਿਰ ‘ਤੇ ਬਿਠਾ ਲੈਂਦੇ ਹਨ!



