ਮੁੰਬਈ : ਮਸ਼ਹੂਰ ਅਦਾਕਾਰਾ ਸਿੰਮੀ ਗਰੇਵਾਲ ਨੇ ਦੁਸਹਿਰੇ ‘ਤੇ ਰਾਵਣ ਨੂੰ ਸਾੜਨ ਦੀ ਚਲੀ ਆ ਰਹੀ ਪਰੰਪਰਾ ਨੂੰ ਲੈ ਕੇ ਵੀਰਵਾਰ ‘ਐੱਕਸ’ ਉੱਤੇ ਪਾਈ ਪੋਸਟ ਵਿੱਚ ਰਾਵਣ ਦੀ ਤਾਰੀਫ ਕਰਦਿਆਂ ਦਲੀਲ ਦਿੱਤੀ ਕਿ ਰਾਵਣ ਦੁਸ਼ਟ ਨਹੀਂ, ਸਗੋਂ ਥੋੜ੍ਹਾ ਸ਼ਰਾਰਤੀ ਸੀ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਰਾਵਣ ਭਾਰਤ ਦੀ ਅੱਧੀ ਸੰਸਦ ਤੋਂ ਵੱਧ ਪੜਿ੍ਹਆ-ਲਿਖਿਆ ਸੀ |
ਸਿੰਮੀ ਗਰੇਵਾਲ ਨੇ ਲਿਖਿਆ, ‘ਪਿਆਰੇ ਰਾਵਣ… ਹਰ ਸਾਲ, ਇਸ ਦਿਨ, ਅਸੀਂ ਬਦੀ ‘ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ…ਪਰ ਟੈਕਨੀਕਲੀ…ਤੇਰੇ ਵਿਹਾਰ ਨੂੰ ਦੁਸ਼ਟ ਨਾਲੋਂ ਥੋੜ੍ਹਾ ਸ਼ਰਾਰਤੀ ਵਿੱਚ ਬਦਲਣਾ ਚਾਹੀਦਾ ਹੈ | ਆਖਰ ਤੂੰ ਕੀਤਾ ਹੀ ਕੀ ਸੀ? ਮੈਂ ਮੰਨਦੀ ਹਾਂ ਕਿ ਤੂੰ ਜਲਦਬਾਜ਼ੀ ਵਿੱਚ ਇੱਕ ਮਹਿਲਾ ਨੂੰ ਅਗਵਾ ਕੀਤਾ ਸੀ, ਪਰ ਉਸ ਦੇ ਬਾਅਦ…ਤੂੰ ਉਸ ਨੂੰ ਅੱਜ ਦੀ ਦੁਨੀਆ ਵਿੱਚ ਮਹਿਲਾਵਾਂ ਦੀ ਤੁਲਨਾ ਵਿੱਚ ਵਧੇਰੇ ਸਨਮਾਨ ਦਿੱਤਾ | ਤੂੰ ਉਸ ਨੂੰ ਚੰਗਾ ਖਾਣਾ…ਪਨਾਹ…ਅਤੇ ਇੱਥੋਂ ਤੱਕ ਕਿ ਮਹਿਲਾ ਸੁਰੱਖਿਆ ਗਾਰਡ ਵੀ ਦਿੱਤੀ | ਸ਼ਾਦੀ ਲਈ ਤੇਰੀ ਬੇਨਤੀ ਨਿਮਰਤਾ ਨਾਲ ਭਰੀ ਸੀ ਅਤੇ ਨਾਮਨਜ਼ੂਰ ਕੀਤੇ ਜਾਣ ‘ਤੇ ਤੂੰ ਕਦੇ ਤੇਜ਼ਾਬ ਨਹੀਂ ਸੁੱਟਿਆ | ਇੱਥੋਂ ਤੱਕ ਕਿ ਜਦ ਭਗਵਾਨ ਰਾਮ ਨੇ ਤੈਨੂੰ ਮਾਰ ਦਿੱਤਾ, ਤਦ ਵੀ ਤੂੰ ਉਨ੍ਹਾ ਤੋਂ ਮੁਆਫੀ ਮੰਗਣ ਵਾਲਾ ਸਮਝਦਾਰ ਬੰਦਾ ਸੀ |’
ਸਿੰਮੀ ਗਰੇਵਾਲ ਨੇ ਅੱਗੇ ਲਿਖਿਆ, ‘ਅਤੇ…ਮੈਨੂੰ ਲੱਗਦਾ ਹੈ ਤੂੰ ਸਾਡੀ ਅੱਧੀ ਸੰਸਦ ਨਾਲੋਂ ਵੱਧ ਪੜਿ੍ਹਆ-ਲਿਖਿਆ ਸੀ | ਯਕੀਨ ਮੰਨੋ ਯਾਰ…ਤੈਨੂੰ ਸਾੜਨ ਲਈ ਮੇਰੇ ਮਨ ਵਿੱਚ ਕੋਈ ਕਠੋਰ ਭਾਵਨਾ ਨਹੀਂ ਹੈ…ਬਸ ਇਹ ਟਰੈਂਡ ਹੈ | ਦੁਸਹਿਰਾ ਮੁਬਾਰਕ |’
ਅੰਨ੍ਹੇ ਭਗਤਾਂ ਨੇ ਸਿੰਮੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਜੇ ਕੋਈ ਉਸ ਨੂੰ ਅਗਵਾ ਕਰ ਲਵੇ ਤਾਂ ਵੀ ਉਹ ਕਹੇਗੀ ਕਿ ਅਗਵਾ ਕਰਨ ਵਾਲਾ ਥੋੜ੍ਹਾ ਸ਼ਰਾਰਤੀ ਹੈ | ਕਈਆਂ ਨੇ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਹੈ | ਦੂਜੇ ਪਾਸੇ ਕਈ ਲੋਕਾਂ ਨੇ ਕਿਹਾ ਹੈ ਕਿ ਰਾਵਣ ਨੂੰ ਸਿਰਫ ਖਲਨਾਇਕ ਵਜੋਂ ਨਹੀਂ, ਸਗੋਂ ਇੱਕ ਪੇਚੀਦਾ ਸ਼ਖਸੀਅਤ ਵਜੋਂ ਵੀ ਦੇਖਣਾ ਚਾਹੀਦਾ ਹੈ | ਉਹ ਮੰਨਦੇ ਹਨ ਕਿ ਸਿੰਮੀ ਨੇ ਇੱਕ ਜ਼ਰੂਰੀ ਬਹਿਸ ਨੂੰ ਜਨਮ ਦਿੱਤਾ ਹੈ, ਜਿਹੜੀ ਪਰੰਪਰਾਵਾਂ ਨੂੰ ਚੁਣੌਤੀ ਦਿੰਦੀ ਹੈ |





