ਭਾਰਤ ‘ਚ ਲੋਕਤੰਤਰੀ ਪ੍ਰਣਾਲੀ ‘ਤੇ ਵੱਡਾ ਹਮਲਾ ਹੋ ਰਿਹੈ : ਰਾਹੁਲ

0
126

ਬਗੋਟਾ (ਕੋਲੰਬੀਆ) : ਰਾਹੁਲ ਗਾਂਧੀ ਨੇ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਦੀ ਵਿਚਾਰਧਾਰਾ ਦੇ ਮੂਲ ਵਿੱਚ ਬੁਜ਼ਦਿਲੀ ਹੈ | ਇਸ ਲਈ ਉਨ੍ਹਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ 2023 ਵਿੱਚ ਚੀਨ ਨੂੰ ਲੈ ਕੇ ਦਿੱਤੇ ਬਿਆਨ ਦਾ ਹਵਾਲਾ ਦਿੱਤਾ | ਰਾਹੁਲ ਨੇ ਕਿਹਾ, ‘ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਚੀਨ ਸਾਥੋਂ ਕਿਤੇ ਵੱਧ ਤਕੜਾ ਹੈ | ਅਸੀਂ ਉਸ ਨਾਲ ਕਿਵੇਂ ਲੜ ਸਕਦੇ ਹਾਂ? ਇਸ ਵਿਚਾਰਧਾਰਾ ਦੇ ਮੂਲ ਵਿੱਚ ਬੁਜ਼ਦਿਲੀ ਹੈ | ਉਹ ਕਮਜ਼ੋਰ ਲੋਕਾਂ ਨੂੰ ਮਾਰਦੇ ਹਨ ਤੇ ਤਾਕਤਵਰ ਲੋਕਾਂ ਤੋਂ ਦੂਰ ਭੱਜਦੇ ਹਨ | ਇਹੀ ਭਾਜਪਾ-ਆਰ ਐੱਸ ਐੱਸ ਦਾ ਸੁਭਾਅ ਹੈ |’
ਰਾਹੁਲ ਨੇ ਇਹ ਗੱਲ ਕੋਲੰਬੀਆ ਦੀ ਈ ਆਈ ਏ ਯੂਨੀਵਰਸਿਟੀ ਵਿੱਚ ‘ਦੀ ਫਿਊਚਰ ਇਜ਼ ਟੂਡੇ’ ਕਾਨਫਰੰਸ ਵਿੱਚ ਕਹੀ | ਰਾਹੁਲ ਦੱਖਣੀ ਅਮਰੀਕਾ ਦੇ 10 ਦਿਨ ਦੇ ਦੌਰੇ ‘ਤੇ ਹਨ | ਉਹ ਕੋਲੰਬੀਆ ਦੇ ਇਲਾਵਾ ਬ੍ਰਾਜ਼ੀਲ, ਪੇਰੂ ਤੇ ਚਿੱਲੀ ਦਾ ਵੀ ਦੌਰਾ ਕਰਨਗੇ |
ਰਾਹੁਲ ਨੇ ਵਿਨਾਇਕ ਦਾਮੋਦਰ ਸਾਵਰਕਰ ਦੀ ਕਿਤਾਬ ਤੋਂ ਇੱਕ ਘਟਨਾ ਦਾ ਹਵਾਲਾ ਦਿੱਤਾ, ਜਿੱਥੇ ਹਿੰਦੂਤਵ ਵਿਚਾਰਧਾਰਕ ਸਾਵਰਕਰ ਨੇ ਲਿਖਿਆ ਹੈ ਕਿ ਇੱਕ ਵਾਰ ਉਸ ਨੇ ਅਤੇ ਉਸ ਦੇ ਕੁਝ ਦੋਸਤਾਂ ਨੇ ਇੱਕ ਮੁਸਲਿਮ ਵਿਅਕਤੀ ਨੂੰ ਕੁੱਟਿਆ ਅਤੇ ਉਸ ਦਿਨ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਕੀਤੀ | ਰਾਹੁਲ ਨੇ ਕਿਹਾ ਕਿ ਪੰਜ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਹਨ, ਜਿਸ ਨਾਲ ਉਨ੍ਹਾਂ ਵਿੱਚੋਂ ਇੱਕ ਖੁਸ਼ ਹੁੰਦਾ ਹੈ, ਤਾਂ ਇਹ ਬੁਜ਼ਦਿਲੀ ਹੈ |
ਰਾਹੁਲ ਨੇ ਕਿਹਾ ਕਿ ਭਾਰਤ ‘ਚ ਲੋਕੰਤਤਰ ‘ਤੇ ਹਮਲਾ ਹੋ ਰਿਹਾ ਹੈ | ਅਜਿਹਾ ਹੋਣਾ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਹੈ | ਇਸ ਨਾਲ ਦੇਸ਼ ਵਿੱਚ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਆਪੋਜ਼ੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਭਾਰਤ ਦੀ ਤਾਕਤ ਉਸ ਦੀ ਵਿਵਧਤਾ ਤੇ ਲੋਕਤੰਤਰ ਹੈ, ਪਰ ਮੌਜੂਦਾ ਹਾਲਾਤ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ‘ਤੇ ਖਤਰਾ ਮੰਡਰਾ ਰਿਹਾ ਹੈ |
ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਸੱਤਾ ‘ਚ ਬੈਠੇ ਲੋਕ ਚਾਹੁੰਦੇ ਹਨ ਕਿ ਹਰ ਸੰਸਥਾਨ ਸਿਰਫ ਉਨ੍ਹਾਂ ਦੇ ਹਿਸਾਬ ਨਾਲ ਕੰਮ ਕਰੇ | ਇਹ ਭਾਰਤ ਦੀ ਆਤਮਾ ਦੇ ਖਿਲਾਫ ਹੈ |
ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਅਸਹਿਮਤੀ ਦੀ ਆਵਾਜ਼ ਨੂੰ ਲੋਕਤੰਤਰ ਵਿੱਚ ਥਾਂ ਮਿਲਣੀ ਚਾਹੀਦੀ ਹੈ |
ਰਾਹੁਲ ਨੇ ਕਿਹਾ, ‘ਭਾਰਤ ਕੋਲ ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿੱਚ ਮਜ਼ਬੂਤ ਸਮਰਥਾਵਾਂ ਹਨ, ਇਸ ਲਈ ਮੈਂ ਦੇਸ਼ ਪ੍ਰਤੀ ਬਹੁਤ ਆਸ਼ਾਵਾਦੀ ਹਾਂ, ਪਰ ਇਸ ਦੇ ਨਾਲ ਹੀ ਢਾਂਚੇ ਵਿੱਚ ਕੁਝ ਖਾਮੀਆਂ ਵੀ ਹਨ, ਜਿਨ੍ਹਾਂ ਨੂੰ ਭਾਰਤ ਨੂੰ ਠੀਕ ਕਰਨਾ ਪਵੇਗਾ | ਸਭ ਤੋਂ ਵੱਡੀ ਚੁਣੌਤੀ ਭਾਰਤ ਵਿੱਚ ਲੋਕਤੰਤਰ ‘ਤੇ ਹੋ ਰਿਹਾ ਹਮਲਾ ਹੈ |’
ਕਾਂਗਰਸ ਨੇਤਾ ਨੇ ਦਲੀਲ ਦਿੱਤੀ ਕਿ ਲੋਕਤੰਤਰੀ ਪ੍ਰਣਾਲੀ ਵਿਭਿੰਨਤਾ ਲਈ ਮਹੱਤਵਪੂਰਨ ਹੈ, ਜੋ ਵੱਖ-ਵੱਖ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਵਿਚਾਰਾਂ, ਜਿਸ ਵਿੱਚ ਧਾਰਮਕ ਵਿਸ਼ਵਾਸ ਵੀ ਸ਼ਾਮਲ ਹਨ, ਨੂੰ ਵਧਣ-ਫੁੱਲਣ ਦੀ ਆਗਿਆ ਦਿੰਦੀ ਹੈ | ਹਾਲਾਂਕਿ ਉਨ੍ਹਾ ਕਿਹਾ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਹਮਲੇ ਦੇ ਘੇਰੇ ਵਿੱਚ ਹੈ, ਜੋ ਕਿ ਇੱਕ ‘ਵੱਡਾ ਜੋਖਮ’ ਜਾਂ ਖ਼ਤਰਾ ਹੈ |
ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਵਿੱਚ ਕਈ ਧਰਮ, ਪਰੰਪਰਾਵਾਂ ਅਤੇ ਭਾਸ਼ਾਵਾਂ ਹਨ—ਦਰਅਸਲ, ਦੇਸ਼ ਅਸਲ ਵਿੱਚ ਇਨ੍ਹਾਂ ਸਾਰੇ ਲੋਕਾਂ ਅਤੇ ਸੱਭਿਆਚਾਰਾਂ ਦਰਮਿਆਨ ਗੱਲਬਾਤ ਦਾ ਸਥਾਨ ਹੈ | ਵੱਖ-ਵੱਖ ਪਰੰਪਰਾਵਾਂ, ਧਰਮਾਂ ਅਤੇ ਵਿਚਾਰਾਂ ਲਈ ਸਪੇਸ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਲਈ ਸਪੇਸ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਲੋਕਤੰਤਰੀ ਪ੍ਰਣਾਲੀ ਹੈ | ਮੌਜੂਦਾ ਸਮੇਂ ਇਸ ਲੋਕਤੰਤਰੀ ਪ੍ਰਣਾਲੀ ‘ਤੇ ਇੱਕ ਵੱਡਾ ਹਮਲਾ ਹੋ ਰਿਹਾ ਹੈ ਅਤੇ ਇਹ ਇੱਕ ਵੱਡਾ ਜੋਖਮ ਹੈ | ਇੱਕ ਹੋਰ ਵੱਡਾ ਜੋਖਮ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵੱਖ-ਵੱਖ ਧਾਰਨਾਵਾਂ ਦਰਮਿਆਨ ਤਣਾਅ ਹੈ | 16-17 ਪ੍ਰਮੁੱਖ ਭਾਸ਼ਾਵਾਂ ਅਤੇ ਬਹੁਤ ਸਾਰੇ ਧਰਮਾਂ ਦੇ ਨਾਲ ਇਨ੍ਹਾਂ ਵਿਭਿੰਨ ਪਰੰਪਰਾਵਾਂ ਨੂੰ ਵਧਣ-ਫੁੱਲਣ ਦੇਣਾ ਅਤੇ ਉਨ੍ਹਾਂ ਨੂੰ ਲੋੜੀਂਦੀ ਸਪੇਸ ਦੇਣਾ ਬਹੁਤ ਜ਼ਰੂਰੀ ਹੈ |’