ਸ੍ਰੀਨਗਰ : ਕਸ਼ਮੀਰ ਦੇ ਪ੍ਰਸਿਧ ਹਿੱਲ ਸਟੇਸ਼ਨ ਗੁਲਮਰਗ ਵਿੱਚ ਸ਼ੁੱਕਰਵਾਰ ਸਿਆਲਾਂ ਦੀ ਪਹਿਲੀ ਬਰਫਬਾਰੀ ਹੋਈ। ਇਸਨੇ ਵਾਦੀ ਦੇ ਉਤਲੇ ਇਲਾਕਿਆਂ ’ਚ ਸਿਆਲਾਂ ਦੀ ਛੇਤੀ ਆਮਦ ਦਾ ਇਸ਼ਾਰਾ ਕਰ ਦਿੱਤਾ। ਬਰਫਬਾਰੀ ਨੇ ਹੋਟਲਾਂ ਤੇ ਰੈਸਟੋਰੈਂਟਾਂ ਦੇ ਮਾਲਕਾਂ ਦੇ ਚਿਹਰਿਆਂ ’ਤੇ ਮੁਸਕਾਨ ਲੈ ਆਂਦੀ ਹੈ।
ਆਸ਼ਾ ਵਰਕਰਾਂ ਨੂੰ ਮਿਲੇਗੀ ਜਣੇਪਾ ਛੁੱਟੀ
ਚੰਡੀਗੜ੍ਹ :ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਨਾਲ ਸਬੰਧਤ ਪੰਜ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਚੀਮਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ‘ਮੈਟਰਨਿਟੀ ਬੈਨੀਫਿਟਸ ਐਕਟ, 1961’ ਦੇ ਅਨੁਸਾਰ ਆਸ਼ਾ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਲਈ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਵੇਂ ਨੋਟੀਫੀਕੇਸ਼ਨ ਅਨੁਸਾਰ ਆਸ਼ਾ ਅਤੇ ਆਸ਼ਾ ਫੈਸੀਲੀਟੇਟਰ ਜਣੇਪਾ ਛੁੱਟੀ ਦੌਰਾਨ ਨਿਸ਼ਚਿਤ ਮਾਸਿਕ ਮਾਣਭੱਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ‘ਮੈਟਰਨਿਟੀ ਬੈਨੀਫਿਟਸ ਐਕਟ, 1961’ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੋਧਾਂ ਵੀ ਉਨ੍ਹਾਂ ’ਤੇ ਲਾਗੂ ਹੋਣਗੀਆਂ।
ਭਾਖੜਾ ਤੇ ਪੌਂਗ ਡੈਮ ਦੇ ਕੱਲ੍ਹ ਮੁੜ ਖੁੱਲ੍ਹਣਗੇ ਫਲੱਡ ਗੇਟ
ਚੰਡੀਗੜ੍ਹ : ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ 6-7 ਅਕਤੂਬਰ ਨੂੰ ਸੰਭਾਵੀ ਭਾਰੀ ਮੀਂਹ ਦੇ ਮੱਦੇਨਜ਼ਰ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੋਰਡ ਵੱਲੋਂ ਐਮਰਜੈਂਸੀ ਮੀਟਿੰਗ ਵਿੱਚ ਸ਼ਨਿਚਰਵਾਰ ਨੂੰ 12 ਵਜੇ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵੇਰਵੇ ਅਨੁਸਾਰ ਭਾਖੜਾ ਡੈਮ ਤੋਂ ਇਸ ਵੇਲੇ 27,000 ਕਿਊਸਿਕ ਅਤੇ ਪੌਂਗ ਡੈਮ ਤੋਂ 17,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ. ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਅੱਜ ਦੁਪਹਿਰ 2 ਵਜੇ ਭਾਖੜਾ ਡੈਮ ਤੋਂ ਪਾਣੀ 27,000 ਕਿਊਸਿਕ ਤੋਂ ਵਧਾ ਕੇ 36,000 ਕਿਊਸਿਕ ਛੱਡਿਆ ਗਿਆ, ਜਦ ਕਿ ਇਸੇ ਡੈਮ ਤੋਂ ਸ਼ਨਿੱਚਰਵਾਰ ਨੂੰ 12 ਵਜੇ ਤੋਂ 43,000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਰਣਜੀਤ ਸਾਗਰ ਡੈਮ ਤੋਂ ਲੰਘੇ ਕੱਲ੍ਹ ਤੋਂ ਹੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਸੀ।




