ਡਿਜੀਟਲ ਲਤ ਤੋਂ ਛੁਟਕਾਰਾ

0
83

ਜਾਪਾਨ ਦੇ ਸ਼ਹਿਰ ਟੋਇਓਆਕੇ ਦੇ ਮੇਅਰ ਮਾਸਾਫੁਮੀ ਕੋਉਕੀ ਨੇ ਮੋਬਾਇਲ ਫੋਨ, ਟੈਬਲੇਟ ਜਾਂ ਕੰਪਿਊਟਰ ਦੀ ਵਰਤੋਂ ਰੋਜ਼ਾਨਾ ਸਿਰਫ ਦੋ ਘੰਟੇ ਤੱਕ ਕਰਨ ਦਾ ਆਦੇਸ਼ ਦਿੱਤਾ ਹੈ | ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਰਾਤ 9 ਵਜੇ ਤੇ ਅੱਲ੍ਹੜਾਂ ਨੂੰ ਰਾਤ 10 ਵਜੇ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਹੈ | ਇਹ ਨਿਯਮ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾਵੇਗਾ, ਇਸ ਦੀ ਪਾਲਣਾ ਲਈ ਕੋਈ ਸਜ਼ਾ ਤੈਅ ਨਹੀਂ ਕੀਤੀ ਗਈ, ਸਗੋਂ ਇਸ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ | ਇਹ ਨਿਯਮ ਬੱਚਿਆਂ ਤੇ ਅੱਲ੍ਹੜਾਂ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਬਣਾਇਆ ਗਿਆ ਹੈ | ਸਕਰੀਨ ਨਾਲ ਚਿੰਬੜੇ ਰਹਿਣ ਕਰਕੇ ਅੱਖਾਂ ਥੱਕਦੀਆਂ ਹਨ, ਨੀਂਦ ਵਿੱਚ ਕਮੀ ਆਉਂਦੀ ਹੈ ਤੇ ਮਾਨਸਿਕ ਸਿਹਤ ਪ੍ਰਭਾਵਤ ਹੁੰਦੀ ਹੈ | ਨਾਲ ਹੀ ਮੋਬਾਇਲ ਕਾਰਨ ਪਰਵਾਰਕ ਗੱਲਬਾਤ ਘੱਟ ਹੋ ਰਹੀ ਹੈ ਤੇ ਰਿਸ਼ਤਿਆਂ ਵਿੱਚ ਦੂਰੀ ਵਧ ਰਹੀ ਹੈ | ਸੋਚ ਹੈ ਕਿ ਮੋਬਾਇਲ ਦੀ ਵਰਤੋਂ ਘੱਟ ਕਰਨ ਨਾਲ ਨਾ ਸਿਰਫ ਸਿਹਤ ਵਿੱਚ ਸੁਧਾਰ ਹੋਵੇਗਾ, ਸਗੋਂ ਮਾਨਸਿਕ ਤੇ ਸਰੀਰਕ ਪ੍ਰੇਸ਼ਾਨੀਆਂ ਤੋਂ ਵੀ ਬਚਾਅ ਹੋਵੇਗਾ | ਅੱਜਕੱਲ੍ਹ ਪੜ੍ਹਾਈ, ਸ਼ਾਪਿੰਗ, ਗੇਮਿੰਗ ਤੇ ਮਨੋਰੰਜਨ ਤੱਕ ਮੋਬਾਇਲ ‘ਤੇ ਸ਼ਿਫਟ ਹੋ ਗਏ ਹਨ | ਇਸੇ ਕਰਕੇ ਟੋਕਿਓਆਕੇ ਸ਼ਹਿਰ ਨੇ ਸਕਰੀਨ ਟਾਈਮ ਘੱਟ ਕਰਨ ਲਈ ਨਿਯਮ ਬਣਾਇਆ ਹੈ | ਹੁਣ ਕੰਮ ਤੇ ਪੜ੍ਹਾਈ ਦੇ ਇਲਾਵਾ ਸਕਰੀਨ ਟਾਈਮ ਸਿਰਫ ਦੋ ਘੰਟੇ ਹੀ ਹੋਵੇਗਾ | ਮੇਅਰ ਦਾ ਕਹਿਣਾ ਹੈ ਕਿ ਇਹ ਨਿਯਮ ਸਿਰਫ ਸਿਹਤ ਉਪਾਅ ਹੈ, ਇਸ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ | ਨਿਯਮ ਦੀ ਉਲੰਘਣਾ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ | ਇਸ ਦਾ ਮਕਸਦ ਸਿਰਫ ਇਹ ਹੈ ਕਿ ਲੋਕ ਰੋਜ਼ਾਨਾ ਦੀ ਦੌੜ-ਭੱਜ ਤੇ ਨੀਂਦ ਬਾਰੇ ਸੋਚਣ | ਇਸ ਨਾਲ ਪਰਵਾਰਕ ਜੀਆਂ ਵਿਚਾਲੇ ਗੱਲਬਾਤ ਵਧੇਗੀ ਅਤੇ ਮੋਬਾਇਲ ‘ਤੇ ਸਮਾਂ ਘਟਾਉਣ ਨਾਲ ਲੋਕ ਇੱਕ-ਦੂਜੇ ਨਾਲ ਵੱਧ ਸਮਾਂ ਬਿਤਾ ਸਕਣਗੇ |
ਹਾਲਾਂਕਿ ਕਈ ਲੋਕ ਮੰਨਦੇ ਹਨ ਕਿ ਨਗਰ ਪਾਲਿਕਾ ਦਾ ਦਖਲ ਠੀਕ ਨਹੀਂ, ਪਰ ਕਈ ਲੋਕ ਇਸ ਨੂੰ ਪਰਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਮੌਕਾ ਮੰਨ ਰਹੇ ਹਨ | ਜਾਪਾਨ ਦੇ ਇਸ ਸ਼ਹਿਰ ਤੋਂ ਪਹਿਲਾਂ ਆਸਟਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾ ਚੁੱਕਾ ਹੈ ਤੇ ਦੱਖਣੀ ਕੋਰੀਆ ਨੇ ਸਕੂਲਾਂ ਵਿੱਚ ਡਿਜੀਟਲ ਉਪਕਰਣਾਂ ‘ਤੇ ਰੋਕ ਲਾਈ ਹੈ | ਜਾਪਾਨੀ ਸ਼ਹਿਰ ਦੇ ਮੇਅਰ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੋਂ ਦੁਨੀਆ-ਭਰ ਦੀਆਂ ਸਰਕਾਰਾਂ ਡਿਜੀਟਲ ਲਤ ਤੇ ਸਿਹਤ ‘ਤੇ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਨਾਲ ਨਿੱਬੜਨ ਲਈ ਸੰਘਰਸ਼ ਕਰ ਰਹੀਆਂ ਹਨ | ਮੁਕੰਮਲ ਪਾਬੰਦੀ ਜਾਂ ਸਖਤ ਕਾਨੂੰਨਾਂ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ, ਇਸ ਕਰਕੇ ਜਾਪਾਨੀ ਸ਼ਹਿਰ ਦੇ ਮੇਅਰ ਦੀ ਲੋਕਾਂ ਨੂੰ ਪਤਿਆ ਕੇ ਡਿਜੀਟਲ ਲਤ ਛੁਡਾਉਣ ਦੀ ਸੋਚ ਸਹੀ ਕਦਮ ਜਾਪਦੀ ਹੈ |