ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੀ ਅਸਲ-ਜੀਵਨ ਘਟਨਾ ਸਾਂਝੀ ਕੀਤੀ, ਜੋ ਉਨ੍ਹਾਂ ਦੀ 13 ਸਾਲਾ ਧੀ ਦੇ ਇੱਕ ਵੀਡੀਓ ਗੇਮ ਖੇਡਣ ਨਾਲ ਸੰਬੰਧਤ ਹੈ। ਉਨ੍ਹਾਂ ਬੱਚਿਆਂ ਵਿੱਚ ਸਾਈਬਰ ਅਪਰਾਧ ਦੇ ਵਧਦੇ ਖ਼ਤਰੇ ਨੂੰ ਉਜਾਗਰ ਕਰਨ ਦੇ ਮੱਦੇਨਜ਼ਰ ਇਹ ਘਟਨਾ ਸਾਂਝੀ ਕੀਤੀ। ਅਦਾਕਾਰ ਨੇ ਯਾਦ ਕੀਤਾ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਧੀ ਨੂੰ ਇੱਕ ਆਨਲਾਈਨ ਵੀਡੀਓ ਗੇਮ ਖੇਡਦੇ ਸਮੇਂ, ਇੱਕ ਅਣਜਾਣ ਵਿਅਕਤੀ ਵੱਲੋਂ ਪਹੁੰਚ ਕੀਤੀ ਗਈ ਸੀ, ਜਿਸ ਨੇ ਉਸ ਨੂੰ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਭੇਜਣ ਲਈ ਕਿਹਾ ਸੀ। ਬਾਲੀਵੁੱਡ ਅਦਾਕਾਰ ਨੇ ਮੁੰਬਈ ਵਿੱਚ ਸਟੇਟ ਪੁਲਸ ਹੈੱਡਕੁਆਰਟਰ ਵਿਖੇ ਆਯੋਜਿਤ ਸਾਈਬਰ ਜਾਗਰੂਕਤਾ ਮਹੀਨਾ 2025 ਦੇ ਉਦਘਾਟਨੀ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਇਸ ਤਜਰਬੇ ਦਾ ਜ਼ਿਕਰ ਕੀਤਾ। ਅਕਸ਼ੇ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਘਟਨਾ ਦੱਸਣਾ ਚਾਹੁੰਦਾ ਹਾਂ, ਜੋ ਕੁਝ ਮਹੀਨੇ ਪਹਿਲਾਂ ਮੇਰੇ ਘਰ ਵਾਪਰੀ ਸੀ। ਮੇਰੀ ਧੀ ਇੱਕ ਵੀਡੀਓ ਗੇਮ ਖੇਡ ਰਹੀ ਸੀ ਅਤੇ ਕੁਝ ਵੀਡੀਓ ਗੇਮਾਂ ਅਜਿਹੀਆਂ ਹਨ, ਜੋ ਤੁਸੀਂ ਕਿਸੇ ਨਾਲ ਖੇਡ ਸਕਦੇ ਹੋ। ਤੁਸੀਂ ਇੱਕ ਅਣਜਾਣ ਵਿਅਕਤੀ ਨਾਲ ਖੇਡ ਰਹੇ ਹੋ। ਅਕਸ਼ੇ ਨੇ ਦੱਸਿਆ, ‘ਜਦੋਂ ਤੁਸੀਂ ਖੇਡ ਰਹੇ ਹੁੰਦੇ ਹੋ, ਤਾਂ ਕਈ ਵਾਰ ਉੱਥੋਂ ਇੱਕ ਸੁਨੇਹਾ ਆਉਂਦਾ ਹੈ… ਫਿਰ ਇੱਕ ਸੁਨੇਹਾ ਆਇਆ, ਕੀ ਤੁਸੀਂ ਮਰਦ ਹੋ ਜਾਂ ਔਰਤ? ਤਾਂ ਉਸ ਨੇ ਜਵਾਬ ਦਿੱਤਾ, ਔਰਤ ਅਤੇ ਫਿਰ ਉਸ ਨੇ ਇੱਕ ਸੁਨੇਹਾ ਭੇਜਿਆ। ਕੀ ਤੁਸੀਂ ਮੈਨੂੰ ਆਪਣੀਆਂ ਤਸਵੀਰਾਂ (ਬਿਨਾਂ ਕੱਪੜਿਆਂ ਤੋਂ) ਭੇਜ ਸਕਦੇ ਹੋ? ਉਹ ਮੇਰੀ ਧੀ ਸੀ। ਉਸ ਨੇ ਸਭ ਕੁਝ ਬੰਦ ਕਰ ਦਿੱਤਾ ਅਤੇ ਜਾ ਕੇ ਮੇਰੀ ਪਤਨੀ ਨੂੰ ਦੱਸਿਆ।’ ਇਸ ਤਰ੍ਹਾਂ ਚੀਜ਼ਾਂ ਸ਼ੁਰੂ ਹੁੰਦੀਆਂ ਹਨ। ਇਹ ਵੀ ਸਾਈਬਰ ਅਪਰਾਧ ਦਾ ਇੱਕ ਹਿੱਸਾ ਹੈ… ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਸਾਡੇ ਮਹਾਰਾਸ਼ਟਰ ਰਾਜ ਵਿੱਚ, ਹਰ ਹਫ਼ਤੇ ਸੱਤਵੀਂ, ਅੱਠਵੀਂ, ਨੌਵੀਂ ਅਤੇ ਦਸਵੀਂ ਕਲਾਸ ਵਿੱਚ ਇੱਕ ਸਾਈਬਰ ਪੀਰੀਅਡ ਹੋਣਾ ਚਾਹੀਦਾ ਹੈ, ਜਿੱਥੇ ਬੱਚਿਆਂ ਨੂੰ ਇਸ ਬਾਰੇ ਸਮਝਾਇਆ ਜਾਵੇ। ਤੁਸੀਂ ਸਾਰੇ ਜਾਣਦੇ ਹੋ ਕਿ ਇਹ ਅਪਰਾਧ ਗਲੀ ਦੇ ਅਪਰਾਧ ਨਾਲੋਂ ਵੱਡਾ ਹੁੰਦਾ ਜਾ ਰਿਹਾ ਹੈ। ਇਸ ਅਪਰਾਧ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਰਕਾਰ ਨੂੰ ਸਕੂਲੀ ਵਿਦਿਆਰਥੀਆਂ (7ਵੀਂ-10ਵੀਂ) ਲਈ ਸਾਈਬਰ ਸਿੱਖਿਆ ਨੂੰ ਹਫ਼ਤਾਵਾਰੀ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਅਪੀਲ ਵੀ ਕੀਤੀ, ਤਾਂ ਜੋ ਉਹ ਤੇਜ਼ੀ ਨਾਲ ਬਦਲ ਰਹੇ ਡਿਜੀਟਲ ਖੇਤਰ ਵਿੱਚ ਸੁਰੱਖਿਅਤ ਅਤੇ ਸੂਚਿਤ ਰਹਿ ਸਕਣ। ਅਕਸ਼ੇ ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਡਾਇਰੈਕਟਰ ਜਨਰਲ ਆਫ਼ ਪੁਲਸ (ਮਹਾਰਾਸ਼ਟਰ ਰਾਜ), ਰਸ਼ਮੀ ਸ਼ੁਕਲਾ, ਇਕਬਾਲ ਸਿੰਘ ਚਾਹਲ (ਆਈ ਪੀ ਐੱਸ) ਅਤੇ ਰਾਣੀ ਮੁਖਰਜੀ ਸਮੇਤ ਹੋਰਨਾਂ ਨਾਲ ਸ਼ਾਮਲ ਹੋਏ।




