ਹਮਾਸ ਬੰਦੀ ਛੱਡਣ ਲਈ ਰਾਜ਼ੀ, ਹਥਿਆਰ ਸੁੱਟਣ ਦਾ ਮਾਮਲਾ ਲਟਕਿਆ

0
102

ਵਾਸ਼ਿੰਗਟਨ : ਹਮਾਸ ਨੇ ਐਲਾਨਿਆ ਹੈ ਕਿ ਉਹ ਟਰੰਪ ਦੀ ਯੋਜਨਾ ਦੇ ਫਾਰਮੂਲੇ ਮੁਤਾਬਕ ਸਾਰੇ 48 ਇਜ਼ਰਾਈਲੀ ਜ਼ਿੰਦਾ ਤੇ ਮੁਰਦਾ ਬੰਦੀਆਂ ਨੂੰ ਛੱਡਣ ਲਈ ਤਿਆਰ ਹੈ | ਇਸ ਦੇ ਨਾਲ ਹੀ ਉਸ ਨੇ ਗਾਜ਼ਾ ਦਾ ਪ੍ਰਸ਼ਾਸਨ ਛੱਡਣ ਦੀ ਵੀ ਗੱਲ ਕਹੀ ਹੈ | ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਨੂੰ ਉਸ ਦੀ 20-ਨੁਕਾਤੀ ਯੋਜਨਾ ਮਨਜ਼ੂਰ ਕਰਨ ਲਈ ਐਤਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ |
ਹਮਾਸ ਨੇ ਇਹ ਗੱਲ ਵੀ ਕਹੀ ਕਿ ਅਮਨ ਸਮਝੌਤੇ ਦੇ ਕੁਝ ਹਿੱਸਿਆਂ ‘ਤੇ ਗੱਲਬਾਤ ਜ਼ਰੂਰੀ ਹੈ | ਹਮਾਸ ਨੇ ਆਪਣੇ ਜਵਾਬ ਵਿੱਚ ਹਥਿਆਰ ਛੱਡਣ ਦਾ ਜ਼ਿਕਰ ਨਹੀਂ ਕੀਤਾ | ਹਮਾਸ ਦੇ ਹੁੰਗਾਰੇ ਤੋਂ ਬਾਅਦ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ ‘ਤੇ ਹਮਲੇ ਬੰਦ ਕਰਨ ਲਈ ਕਿਹਾ | ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਹ ਤਾਂ ਕਿਹਾ ਕਿ ਉਹ ਜੰਗ ਰੋਕਣ ਲਈ ਟਰੰਪ ਤੇ ਉਨ੍ਹਾ ਦੀ ਟੀਮ ਨਾਲ ਮਿਲ ਕੇ ਕੰਮ ਕਰਨਗੇ, ਪਰ ਇਜ਼ਰਾਈਲ ਫੌਜਾਂ ਨੇ ਬੰਬਾਰੀ ਕਰਕੇ ਛੇ ਹੋਰ ਫਲਸਤੀਨੀ ਮਾਰ ਦਿੱਤੇ |
ਹਮਾਸ ਗੋਲੀਬੰਦੀ ਲਾਗੂ ਹੋਣ ਦੇ 72 ਘੰਟਿਆਂ ਦੇ ਅੰਦਰ ਬੰਦੀ ਛੱਡੇਗਾ ਤੇ ਬਦਲੇ ਵਿੱਚ ਇਜ਼ਰਾਈਲ ਦੋ ਹਜ਼ਾਰ ਤੋਂ ਵੱਧ ਫਲਸਤੀਨੀ ਕੈਦੀਆਂ ਛੱਡੇਗਾ ਤੇ ਮਾਰੇ ਗਏ ਗਾਜ਼ਾ ਵਾਸੀਆਂ ਦੀਆਂ ਲਾਸ਼ਾਂ ਹਵਾਲੇ ਕਰੇਗਾ | ਇਸ ਦੇ ਬਾਅਦ ਇਜ਼ਰਾਈਲ ਗਾਜ਼ਾ ਤੋਂ ਫੌਜਾਂ ਕੱਢਣ ਦਾ ਪਹਿਲਾ ਪੜਾਅ ਪੂਰਾ ਕਰੇਗਾ | ਹਮਾਸ ਗਾਜ਼ਾ ਦਾ ਪ੍ਰਸ਼ਾਸਨ ਫਲਸਤੀਨੀ ਗਰੁੱਪ ਨੂੰ ਸੌਂਪਣ ਨੂੰ ਤਿਆਰ ਹੋਇਆ ਹੈ | ਇਸ ਦਾ ਗਠਨ ਫਲਸਤੀਨੀ ਲੋਕਾਂ ਦੀ ਸਹਿਮਤੀ ਤੇ ਅਰਬ-ਇਸਲਾਮਿਕ ਦੇੇਸ਼ਾਂ ਦੇ ਸਮਰਥਨ ਨਾਲ ਕੀਤਾ ਜਾਵੇਗਾ | ਹਮਾਸ ਨੇ ਸਾਫ ਕੀਤਾ ਕਿ ਉਹ ਫਲਸਤੀਨੀ ਲੋਕਾਂ ਦੇ ਭਵਿੱਖ ‘ਤੇ ਹੋਣ ਵਾਲੀ ਚਰਚਾ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ | ਉਸ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਨਾਲ ਜੁੜੇ ਮੁੱਦੇ ‘ਤੇ ਬਹਿਸ ਹੋਵੇ |
ਹਮਾਸ ਦੇ ਪੋਲਿਟ ਬਿਊਰੋ ਮੈਂਬਰ ਮੂਸਾ ਅਬੂ ਮਰਜ਼ੁਕ ਨੇ ‘ਅਲ ਜਜ਼ੀਰਾ’ ਚੈਨਲ ਨਾਲ ਗੱਲਬਾਤ ਵਿੱਚ ਕਿਹਾ ਕਿ ਜਦੋਂ ਤੱਕ ਗਾਜ਼ਾ ‘ਤੇ ਇਜ਼ਰਾਈਲੀ ਕਬਜ਼ਾ ਖਤਮ ਨਹੀਂ ਹੋ ਜਾਂਦਾ, ਉਹ ਹਥਿਆਰ ਨਹੀਂ ਛੱਡਣਗੇ | ਹਥਿਆਰ ਛੱਡਣ ਦੇ ਮੁੱਦੇ ‘ਤੇ ਇੱਕ ਵਾਰ ਫਿਰ ਗੱਲਬਾਤ ਹੋਣੀ ਚਾਹੀਦੀ ਹੈ |
ਉਨ੍ਹਾ ਕਿਹਾ, ‘ਅਸੀਂ ਆਪਣੇ ਹਥਿਆਰ ਭਵਿੱਖ ਦੇ ਫਲਸਤੀਨੀ ਰਾਜ ਨੂੰ ਸੌਂਪ ਦੇਵਾਂਗੇ ਤੇ ਜੋ ਵੀ ਗਾਜ਼ਾ ‘ਤੇ ਸ਼ਾਸਨ ਕਰੇਗਾ, ਉਸ ਦੇ ਹੱਥਾਂ ਵਿੱਚ ਸਾਡੇ ਹਥਿਆਰ ਹੋਣਗੇ |’