ਇਸਤੰਬੁਲ : ਗਾਜ਼ਾ ਦੇ ਪੀੜਤਾਂ ਲਈ ਕਿਸ਼ਤੀਆਂ ਵਿੱਚ ਮਦਦ ਲੈ ਕੇ ਪੁੱਜੇ ਲੋਕਾਂ ਨੂੰ ਰੋਕ ਕੇ ਇਜ਼ਰਾਈਲੀ ਫੌਜਾਂ ਨੇ ਜਾਨਵਰਾਂ ਵਰਗਾ ਸਲੂਕ ਕੀਤਾ | 40 ਕਿਸ਼ਤੀਆਂ ਵਿੱਚ 450 ਤੋਂ ਵੱਧ ਕਾਰਕੁੰਨ ਗਾਜ਼ਾ ਜਾ ਰਹੇ ਸਨ, ਜਿਨ੍ਹਾਂ ਨੂੰ ਇਜ਼ਰਾਈਲੀ ਫੌਜ ਨੇ ਫੜ ਲਿਆ | ਇਨ੍ਹਾਂ ਵਿੱਚੋਂ ਉੱਘੀ ਜਲਵਾਯੂ ਕਾਰਕੁੰਨ 22 ਸਾਲਾ ਗ੍ਰੇਟਾ ਥਨਬਰਗ ਸਣੇ ਵੱਖ-ਵੱਖ ਦੇਸ਼ਾਂ ਦੇ 137 ਵਿਅਕਤੀ ਡਿਪੋਰਟ ਕਰਕੇ ਸ਼ਨਿੱਚਰਵਾਰ ਇਸਤੰਬੁਲ ਘੱਲੇ ਗਏ | ਇਨ੍ਹਾਂ ਵਿੱਚ ਤੁਰਕੀ ਦੇ 36 ਵਿਅਕਤੀਆਂ ਤੋਂ ਇਲਾਵਾ ਅਮਰੀਕਾ, ਇਟਲੀ, ਮਲੇਸ਼ੀਆ, ਕੁਵੈਤ, ਸਵਿਟਜ਼ਰਲੈਂਡ, ਟਿਊਨੀਸ਼ੀਆ, ਲਿਬੀਆ, ਜਾਰਡਨ ਤੇ ਕਈ ਹੋਰ ਦੇਸ਼ਾਂ ਦੇ ਵਿਅਕਤੀ ਸ਼ਾਮਲ ਸਨ | ਬਾਕੀ ਅਜੇ ਇਜ਼ਰਾਈਲੀ ਕਬਜ਼ੇ ਵਿੱਚ ਹਨ |
ਟੋਲੀ ਦੇ ਮੈਂਬਰ ਤੇ ਪੱਤਰਕਾਰ ਐਰਸਿਨ ਸੇਲਿਕ ਨੇ ਦੱਸਿਆ ਕਿ ਇਜ਼ਰਾਈਲੀ ਫੌਜੀਆਂ ਨੇ ਗ੍ਰੇਟਾ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਇਜ਼ਰਾਈਲੀ ਝੰਡੇ ਨੂੰ ਚੁੰਮਣ ਲਈ ਮਜਬੂਰ ਕੀਤਾ | ਉਸ ਨੂੰ ਮਾਂਗਣੂਆਂ ਵਾਲੇ ਕਮਰੇ ਵਿੱਚ ਸੁਆਇਆ ਗਿਆ | ਮਲੇਸ਼ੀਆ ਦੇ ਹਜ਼ਵਾਨੀ ਹੈਲਮੀ ਤੇ ਅਮਰੀਕਾ ਦੇ ਵਿੰਡਫੀਲਡ ਬੀਵਰ ਨੇ ਇਸਤੰਬੁਲ ਹਵਾਈ ਅੱਡੇ ‘ਤੇ ਦੱਸਿਆ ਕਿ ਗ੍ਰੇਟਾ ਨੂੰ ਇਜ਼ਰਾਈਲੀ ਝੰਡੇ ਨਾਲ ਪਰੇਡ ਕਰਨ ਲਈ ਮਜਬੂਰ ਕੀਤਾ ਗਿਆ | ਹੈਲਮੀ ਨੇ ਕਿਹਾ, ”ਉਨ੍ਹਾਂ ਨੇ ਸਾਡੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ | ਖਾਣਾ ਨਹੀਂ ਦਿੱਤਾ, ਸਾਫ ਪਾਣੀ ਨਹੀਂ ਦਿੱਤਾ, ਦਵਾਈਆਂ ਨਹੀਂ ਦਿੱਤੀਆਂ |” ਟੋਲੀ ‘ਚ ਸ਼ਾਮਲ ਇਟਲੀ ਦੇ ਪੱਤਰਕਾਰ ਲੋਰੇਂਜ਼ੋ ਅਗਸਤੀਨੋ ਨੇ ਦੱਸਿਆ ਕਿ ਗ੍ਰੇਟਾ ਨੂੰ ਜ਼ਲੀਲ ਕੀਤਾ ਗਿਆ | ਤੁਰਕੀ ਦੀ ਟੀ ਵੀ ਪੇਸ਼ਕਾਰ ਇਕਬਾਲ ਗੁਰਪਿਨਾਰ ਨੇ ਕਿਹਾ, ”ਉਨ੍ਹਾਂ ਸਾਡੇ ਨਾਲ ਕੁੱਤਿਆਂ ਵਰਗਾ ਸਲੂਕ ਕੀਤਾ | ਤਿੰਨ ਦਿਨ ਭੁੱਖੇ ਰੱਖਿਆ | ਪਾਣੀ ਨਹੀਂ ਦਿੱਤਾ, ਟਾਇਲਟ ਦਾ ਪਾਣੀ ਪੀਣਾ ਪਿਆ | ਸਾਨੂੰ ਗਰਮੀ ਵਿੱਚ ਉਬਲਦੇ ਰਿੱਖਆ |”





