ਚੀਫ ਜਸਟਿਸ ਵੱਲ ਜੁੱਤੀ ਸੁੱਟ ਕੇ ‘ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦਾ ਨਾਅਰਾ

0
120

ਨਵੀਂ ਦਿੱਲੀ : ਸੁਪਰੀਮ ਕੋਰਟ ਵਿੱਚ ਸੋਮਵਾਰ ਇੱਕ ਵਕੀਲ ਨੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟੀ, ਪਰ ਉਨ੍ਹਾ ਤੱਕ ਪੁੱਜੀ ਨਹੀਂ | ਸੁਰੱਖਿਆਕਰਮੀਆਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ | ਅਦਾਲਤੀ ਕਮਰੇ ਵਿੱਚੋਂ ਬਾਹਰ ਕੱਢੇ ਜਾਣ ਮੌਕੇ ਉਸ ਨੇ ‘ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦਾ ਨਾਅਰਾ ਲਾਇਆ |
ਇਸ ਘਟਨਾ ਕਰਕੇ ਕੋਰਟ ਦੀ ਕਾਰਵਾਈ ਵਿੱਚ ਪਈ ਰੁਕਾਵਟ ਦੇ ਬਾਵਜੂਦ ਚੀਫ ਜਸਟਿਸ ਸ਼ਾਂਤ ਰਹੇ ਤੇ ਅਦਾਲਤੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ | ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾ ਨੂੰ ਅਜਿਹੀਆਂ ਚੀਜ਼ਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ | ਉਨ੍ਹਾਂ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਦੀ ਹਦਾਇਤ ਕਰਦੇ ਹੋਏ ਕਿਹਾ, ”ਇਸ ਸਭ ਤੋਂ ਧਿਆਨ ਨਾ ਭਟਕਾਓ | ਅਜਿਹੀਆਂ ਚੀਜ਼ਾਂ ਮੈਨੂੰ ਪ੍ਰਭਾਵਤ ਨਹੀਂ ਕਰਦੀਆਂ |”
ਵਕੀਲ ਦਾ ਨਾਂਅ ਰਾਕੇਸ਼ ਕਿਸ਼ੋਰ ਹੈ ਤੇ ਸੁਪਰੀਮ ਕੋਰਟ ਬਾਰ ਵਿੱਚ ਉਸ ਦਾ ਰਜਿਸਟ੍ਰੇਸ਼ਨ ਨੰਬਰ 2011 ਹੈ | ਸੁਪਰੀਮ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜ਼ੋਰ ਨਾ ਪਾਉਣ ‘ਤੇ ਦਿੱਲੀ ਪੁਲਸ ਨੇ 71 ਸਾਲਾ ਵਕੀਲ ਨੂੰ ਛੱਡ ਦਿੱਤਾ |
ਰਜਿਸਟਰਾਰ ਜਨਰਲ ਦੇ ਕਹਿਣ ‘ਤੇ ਜੁੱਤੀ ਤੇ ਦਸਤਾਵੇਜ਼ ਵੀ ਵਕੀਲ ਨੂੰ ਮੋੜ ਦਿੱਤੇ | ਉਸ ਕੋਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਸ਼ਾਹਦਰਾ ਬਾਰ ਐਸੋਸੀਏਸ਼ਨ ਤੇ ਬਾਰ ਕੌਂਸਲ ਆਫ ਦਿੱਲੀ ਦੇ ਕਾਰਡ ਸਨ | ਮੰਨਿਆ ਜਾ ਰਿਹਾ ਹੈ ਕਿ ਵਕੀਲ ਚੀਫ ਜਸਟਿਸ ਗਵਈ ਦੀਆਂ ਮੱਧ ਪ੍ਰਦੇਸ਼ ਦੇ ਖਜੁਰਾਹੋ ‘ਚ ਵਿਸ਼ਣੂੰ ਦੀ 7 ਫੁੱਟ ਉੱਚੀ ਸਿਰ ਕਟੀ ਮੂਰਤੀ ਦੀ ਮੁੜ ਸਥਾਪਨਾ ਬਾਰੇ ਟਿੱਪਣੀਆਂ ਤੋਂ ਨਾਰਾਜ਼ ਸੀ | ਚੀਫ ਜਸਟਿਸ ਨੇ 16 ਸਤੰਬਰ ਨੂੰ ਖੰਡਤ ਮੂਰਤੀ ਦੀ ਬਹਾਲੀ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ—ਜਾਓ ਤੇ ਭਗਵਾਨ ਨੂੰ ਖੁੁਦ ਕਰਨ ਨੂੰ ਕਹੋ | ਤੁਸੀਂ ਕਹਿੰਦੇ ਹੋ ਭਗਵਾਨ ਵਿਸ਼ਣੂੰ ਦੇ ਕੱਟੜ ਭਗਤ ਹੋ, ਜਾਓ ਉਨ੍ਹਾ ਨੂੰ ਪ੍ਰਾਰਥਨਾ ਕਰੋ | ਇਹ ਪੁਰਾਤੱਤਵ ਸਥੱਲ ਹੈ ਤੇ ਜੋ ਕਰਨਾ ਹੈ ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾ ਨੇ ਕਰਨਾ ਹੁੰਦਾ ਹੈ | ਪਟੀਸ਼ਨਰ ਨੇ ਚੀਫ ਜਸਟਿਸ ਵੱਲੋਂ ਪਟੀਸ਼ਨ ਖਾਰਜ ਕਰਨ ‘ਤੇ ਕਿਹਾ ਸੀ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਹੈ | ਪਟੀਸ਼ਨਰ ਦਾ ਕਹਿਣਾ ਸੀ ਕਿ ਮੂਰਤੀ ਮੁਗਲਾਂ ਦੇ ਰਾਜ ਵੇਲੇ ਖੰਡਤ ਹੋਈ ਸੀ ਤੇ ਉਦੋਂ ਤੋਂ ਉਸੇ ਹਾਲਤ ‘ਚ ਹੈ | ਸੁਪਰੀਮ ਕੋਰਟ ਮੰਦਰ ਦੀ ਪਵਿੱਤਰਤਾ ਬਹਾਲ ਕਰਨ ਲਈ ਦਖਲ ਦੇਵੇ |
ਚੀਫ ਜਸਟਿਸ ਨੇ ਬਾਅਦ ਵਿੱਚ ਸਫਾਈ ਦਿੱਤੀ ਸੀ ਕਿ ਉਹ ਸਭ ਧਰਮਾਂ ਦਾ ਆਦਰ ਕਰਦੇ ਹਨ | ਸੋਸ਼ਲ ਮੀਡੀਆ ਨੇ ਉਨ੍ਹਾ ਦੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ | ਸਰਕਾਰ ਦੇ ਸੀਨੀਅਰ ਵਕੀਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਕਿਹਾ ਸੀ ਕਿ ਉਹ ਚੀਫ ਜਸਟਿਸ ਨੂੰ ਜਾਣਦੇ ਹਨ ਤੇ ਉਹ ਸਭ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ, ਪਰ ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਸੀ ਕਿ ਅਦਾਲਤ ਇਨਸਾਫ ਦਾ ਮੰਦਰ ਹੈ | ਭਾਰਤੀ ਸਮਾਜ ਦੀ ਅਦਾਲਤਾਂ ਵਿੱਚ ਸ਼ਰਧਾ ਤੇ ਵਿਸ਼ਵਾਸ ਹੈ | ਸਭ ਦਾ ਫਰਜ਼ ਹੈ ਕਿ ਵਾਣੀ ਵਿੱਚ ਸੰਜਮ ਰੱਖੀਏ | ਖਾਸ ਤੌਰ ‘ਤੇ ਅਦਾਲਤ ਦੇ ਅੰਦਰ | ਇਹ ਜ਼ਿੰਮੇਵਾਰੀ ਮੁਕੱਦਮਾ ਲੜਨ ਵਾਲਿਆਂ, ਵਕੀਲਾਂ ਤੇ ਜੱਜਾਂ ਦੀ ਬਰਾਬਰ ਦੀ ਬਣਦੀ ਹੈ | ਲੱਗਦਾ ਹੈ ਕਿ ਚੀਫ ਜਸਟਿਸ ਦੀ ਜ਼ੁਬਾਨੀ ਟਿੱਪਣੀ ਨੇ ਹਿੰਦੂ ਧਰਮ ਦੀਆਂ ਆਸਥਾਵਾਂ ਦਾ ਮਜ਼ਾਕ ਉਡਾਇਆ ਹੈ | ਚੰਗਾ ਹੋਵੇਗਾ ਜੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਬਚਿਆ ਜਾਵੇ |