ਫਰੀਦਕੋਟ. (ਐਲਿਗਜੈਂਡਰ ਡਿਸੂਜਾ) ਦੇਸ਼ ਵਿੱਚ ਦਲਿਤਾਂ ’ਤੇ ਵਧ ਰਹੇ ਜ਼ੁਲਮਾਂ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਸੀਨੀਅਰ ਕਮਿਊਨਿਸਟ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਵਾਲ ਕੀਤਾ ਹੈ ਕਿ ਜੇ ਦਲਿਤ ਵਰਗ ਨਾਲ ਸੰਬੰਧਤ ਉੱਚ ਅਧਿਕਾਰੀ ਵੀ ਸਮਾਜਿਕ ਜਬਰ ਦਾ ਸ਼ਿਕਾਰ ਹੋ ਸਕਦੇ ਹਨ, ਤਾਂ ਆਮ ਦਲਿਤ ਮਨੁੱਖ ਦਾ ਕੀ ਹਾਲ ਹੁੰਦਾ ਹੋਵੇਗਾ? ਉਨ੍ਹਾ ਇਹ ਟਿੱਪਣੀ ਇੱਥੇ ਕਾਮਰੇਡ ਗੁਰਨਾਮ ਸਿੰਘ ਮਾਨੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਸੀ ਪੀ ਆਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ।ਕਾਮਰੇਡ ਅਰਸ਼ੀ ਨੇ ‘ਨੈਸ਼ਨਲ ਕਰਾਈਮ ਰਿਕਾਰਡ ਬਿਊਰੋ’ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਕੇਂਦਰ ਦੀ ਸੱਤਾ ’ਤੇ ਕਾਬਜ਼ ਹੋਈ ਹੈ, ਦਲਿਤ ਜਾਤੀਆਂ ’ਤੇ ਜ਼ੁਲਮਾਂ ਵਿੱਚ ਡੇਢ ਗੁਣਾ ਅਤੇ ਦਲਿਤ ਜਨਜਾਤੀਆਂ ਖਿਲਾਫ਼ ਜੁਰਮਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਪਿਛਲੇ ਦਿਨੀਂ ਵਾਪਰੀਆਂ ਦੋ ਅਹਿਮ ਘਟਨਾਵਾਂ ਦਾ ਜ਼ਿਕਰ ਕੀਤਾ, ਦੇਸ਼ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਜਸਟਿਸ ਗਵਈ (ਜੋਕਿ ਦਲਿਤ ਭਾਈਚਾਰੇ ਨਾਲ ਸੰਬੰਧਤ ਹਨ) ’ਤੇ ਇੱਕ ਵਕੀਲ ਵੱਲੋਂ ਜੁੱਤਾ ਉਛਾਲਿਆ ਜਾਣਾ। ਹਰਿਆਣੇ ਦੇ ਇੱਕ ਐਡੀਸ਼ਨਲ ਡੀ ਜੀ ਪੀ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਸਤਾਏ ਜਾਣ ਕਾਰਨ ਖੁਦਕੁਸ਼ੀ ਕਰ ਲੈਣਾ।ਇਨ੍ਹਾਂ ਘਟਨਾਵਾਂ ਨੂੰ ਸਮਾਜਿਕ ਜਬਰ ਦੀ ਮਿਸਾਲ ਦੱਸਦਿਆਂ, ਉਨ੍ਹਾ ਕਿਹਾ ਕਿ ਜੇ ਦਲਿਤ ਸਮਾਜ ਨਾਲ ਸੰਬੰਧਤ ਇਹ ਉੱਚ ਅਧਿਕਾਰੀ ਵੀ ਸੁਰੱਖਿਅਤ ਨਹੀਂ, ਤਾਂ ਆਮ ਦਲਿਤ ਵਿਅਕਤੀ ਨਾਲ ਹੋਣ ਵਾਲੇ ਸਲੂਕ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੀ ਪੀ ਆਈ ਹਮੇਸ਼ਾ ਮਿਹਨਤਕਸ਼ ਲੋਕਾਂ ਦੇ ਆਰਥਿਕ ਸ਼ੋਸ਼ਣ ਦੇ ਨਾਲ-ਨਾਲ ਦਲਿਤ ਭਾਈਚਾਰੇ ’ਤੇ ਹੁੰਦੇ ਸਮਾਜਿਕ ਜਬਰ ਦੀ ਰੋਕਥਾਮ ਲਈ ਵੀ ਸੰਘਰਸ਼ ਦੇ ਮੈਦਾਨ ਵਿੱਚ ਰਹੀ ਹੈ।
ਮੀਟਿੰਗ ਵਿੱਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਚੰਡੀਗੜ੍ਹ ਵਿਖੇ ਹੋਏ ਕੌਮੀ ਮਹਾਂ ਸੰਮੇਲਨ ਅਤੇ ਮੁਹਾਲੀ ਰੈਲੀ ਵਿੱਚ ਜ਼ਿਲ੍ਹੇ ਦੇ ਯੋਗਦਾਨ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।ਇਸ ਦੌਰਾਨ, ਪਾਰਟੀ ਨੇ ਆਉਣ ਵਾਲੇ ਦਿਨਾਂ ਵਿੱਚ ਤਹਿਸੀਲ ਪੱਧਰ ਦੀਆਂ ਕਾਨਫਰੰਸਾਂ ਕਰਵਾਉਣ ਲਈ ਤਿੰਨ ਤਹਿਸੀਲਾਂ ਵਾਸਤੇ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ।ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਰੀ ਬਾਰਸ਼ਾਂ ਕਾਰਨ ਗਰੀਬ ਪਰਵਾਰਾਂ ਦੇ ਨੁਕਸਾਨੇ ਗਏ ਮਕਾਨਾਂ ਦੀ ਮੁਰੰਮਤ ਲਈ ਗਰਾਂਟਾਂ ਤੁਰੰਤ ਜਾਰੀ ਕੀਤੀਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਗੁਰਚਰਨ ਸਿੰਘ ਮਾਨ, ਗੋਰਾ ਪਿਪਲੀ, ਇੰਦਰਜੀਤ ਸਿੰਘ ਗਿੱਲ, ਸੁਖਜਿੰਦਰ ਸਿੰਘ ਤੂੰਬੜਭੰਨ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਮੁਖਤਿਆਰ ਸਿੰਘ ਭਾਣਾ, ਚਰਨਜੀਤ ਸਿੰਘ ਚੰਮੇਲੀ, ਕਾਮਰੇਡ ਸੁਖਦਰਸ਼ਨ ਰਾਮ ਅਤੇ ਬੋਹੜ ਸਿੰਘ ਔਲ਼ਖ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਪਪੀ ਢਿੱਲਵਾਂ, ਪ੍ਰਦੀਪ ਬਰਾੜ, ਜਗਤਾਰ ਸਿੰਘ ਰਾਜੋਵਾਲਾ, ਹਰਪਾਲ ਮਚਾਕੀ, ਕਾਮਰੇਡ ਸ਼ਾਮ ਸੁੰਦਰ ਅਤੇ ਰਾਮ ਸਰੂਪ ਚੰਦ ਭਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।




