ਕਾਬਲ : ਅਫਗਾਨਿਸਤਾਨ ਸਰਹੱਦ ਉਪਰ ਦੋਵਾਂ ਪਾਸਿਆਂ ਤੋਂ ਗੋਲਾਬਾਰੀ ਦਰਮਿਆਨ ਇਸਲਾਮਾਬਾਦ ਨੇ ਆਪਣੇ 23 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਫੌਜੀ ਕਾਰਵਾਈ ਵਿੱਚ ਅਫਗਾਨਿਸਤਾਨ ਦੇ 200 ਸੈਨਿਕ ਮਾਰੇ ਗਏ ਹਨ। ਦੂਸਰੇ ਪਾਸੇ ਅਫਗਾਨਿਸਤਾਨ ਨੇ ਕਿਹਾ ਹੈ ਕਿ ਰਾਤ ਭਰ ਚੱਲੇ ਆਪਰੇਸ਼ਨ ਦੌਰਾਨ 58 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ ਤੇ ਉਸ ਨੇ ਇਹ ਕਾਰਵਾਈ ਪਾਕਿਸਤਾਨ ਦੁਆਰਾ ਵਾਰ-ਵਾਰ ਉਸ ਦੇ ਖੇਤਰ ਦੀ ਹਵਾਈ ਉਲੰਘਣਾ ਕਰਨ ਕਾਰਨ ਕੀਤੀ ਹੈ।
ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਪਾਕਿ-ਅਫ਼ਗਾਨ ਸਰਹੱਦ ’ਤੇ ਕਈ ਥਾਵਾਂ ਉੱਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫ਼ਗਾਨ ਫੌਜਾਂ ਵਿਚਕਾਰ ਝੜਪਾਂ ਹੋਈਆਂ ਹਨ। ਇਹ ਹਿੰਸਕ ਝੜਪਾਂ ਸ਼ਨਿੱਚਰਵਾਰ ਦੇਰ ਰਾਤ ਉਦੋਂ ਸ਼ੁਰੂ ਹੋਈਆਂ, ਜਦੋਂ ਤਾਲਿਬਾਨ ਬਲਾਂ ਨੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ’ਤੇ ਗੋਲੀਬਾਰੀ ਕੀਤੀ। ਉਧਰ ਅਫ਼ਗ਼ਾਨ ਹਥਿਆਰਬੰਦ ਬਲਾਂ ਨੇ ਵੀ ਜਵਾਬੀ ਕਾਰਵਾਈ ਵਜੋਂ ਸ਼ਨਿੱਚਰਵਾਰ ਰਾਤ ਨੂੰ ਡੁਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਕਿ ਅਫ਼ਗ਼ਾਨ ਫੌਜਾਂ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਤੇ ਸਰਹੱਦਾਂ ਦੀ ਰੱਖਿਆ ਕਰਨ ਲਈ ਤਿਆਰ ਬਰ ਤਿਆਰ ਹਨ। ਅਫ਼ਗਾਨਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਸ਼ਨਿੱਚਰਵਾਰ ਦੇਰ ਰਾਤ ਪਾਕਿ ਨਾਲ ਲੱਗਦੀ ਸਰਹੱਦ ’ਤੇ ਕੀਤੀ ਫੌਜੀ ਕਾਰਵਾਈ ਵਿਚ 58 ਪਾਕਿਸਤਾਨੀ ਫੌਜੀਆਂ ਨੂੰ ਮਾਰ ਮੁਕਾਇਆ ਹੈ। ਤਾਲਿਬਾਨ ਸਰਕਾਰ ਦੇ ਮੁੱਖ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਅਫ਼ਗ਼ਾਨ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਫੌਜ ਦੀਆਂ 25 ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ 58 ਫੌਜੀ ਮਾਰੇ ਗਏ ਤੇ 30 ਹੋਰ ਜ਼ਖ਼ਮੀ ਹੋ ਗਏ। ‘ਡਾਅਨ’ ਅਖ਼ਬਾਰ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਤੇਜ਼ ਅਤੇ ਸਖ਼ਤ ਜਵਾਬੀ ਕਾਰਵਾਈ ਵਿੱਚ, ਪਾਕਿਸਤਾਨੀ ਬਲਾਂ ਨੇ ਕਈ ਅਫ਼ਗਾਨ ਸਰਹੱਦੀ ਚੌਕੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ।’’ ਰਿਪੋਰਟ ਵਿਚ ਕਈ ਅਫ਼ਗਾਨ ਚੌਕੀਆਂ ਅਤੇ ਅੱਤਵਾਦੀ ਟਿਕਾਣਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ। ਝੜਪਾਂ ਉਦੋਂ ਸ਼ੁਰੂ ਹੋਈਆਂ, ਜਦੋਂ ਕਾਬੁਲ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਸਲਾਮਾਬਾਦ ’ਤੇ ਕਾਬੁਲ ’ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ।





