ਨੋਬੇਲ ਅਮਨ ਪੁਰਸਕਾਰ ਜਦੋਂ ਲੋਕਤੰਤਰ ਦੇ ਭੇਸ ਵਿੱਚ ਹਿੰਸਾ ਦੇ ਪੁਜਾਰੀਆਂ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਥੁੱਕਣ ਵਰਗਾ ਹੁੰਦਾ ਹੈ, ਜਿਹੜੇ ਅਸਲ ਵਿੱਚ ਅਮਨ ਲਈ ਲੜ ਰਹੇ ਹਨ। ਨਾਰਵੇ ਸਥਿਤ ਨੋਬੇਲ ਕਮੇਟੀ ਨੇ 2025 ਦਾ ਨੋਬੇਲ ਅਮਨ ਪੁਰਸਕਾਰ ਅਥਾਹ ਤੇਲ ਭੰਡਾਰ ਵਾਲੇ ਲਾਤੀਨੀ ਅਮਰੀਕੀ ਦੇਸ਼ ਵੈਨਜ਼ੁਏਲਾ ਦੀ ਤੇਜ਼-ਤਰਾਰ ਲੀਡਰ ਮਾਰੀਆ ਕੋਰੀਨਾ ਮਚਾਦੋ ਨੂੰ ਦੇ ਕੇ ਫਿਰ ਇਹ ਵਿਵਾਦ ਛੇੜ ਦਿੱਤਾ ਹੈ ਕਿ ਨੋਬੇਲ ਕਮੇਟੀ ਇਨਾਮ ਦਾ ਫੈਸਲਾ ਕਰਨ ਵੇਲੇ ਨਿਰਪੱਖਤਾ ਦਾ ਸਬੂਤ ਨਹੀਂ ਦਿੰਦੀ।
ਨੋਬੇਲ ਕਮੇਟੀ ਨੇ ਮਚਾਦੋ ਦੀ ਚੋਣ ਕਰਦਿਆਂ ਉਸ ਨੂੰ ਲੋਕਤੰਤਰ ਦੀ ਮਸ਼ਾਲ ਜਲਾਏ ਰੱਖਣ ਵਾਲੀ ਅਮਨ ਦੀ ਵੀਰਾਂਗਣਾ ਦੱਸਿਆ ਹੈ। ਕਮੇਟੀ ਦੇ ਮੁਖੀ ਜਾਰਗਨ ਵਾਟਨੇ ਫ੍ਰਾਈਡਨੈੱਸ ਨੇ ਕਿਹਾ ਕਿ ਮਚਾਦੋ ਨੇ ਇਹ ਦਿਖਾਇਆ ਹੈ ਕਿ ਲੋਕਤੰਤਰ ਦੇ ਔਜ਼ਾਰ ਹੀ ਅਮਨ ਦੇ ਔਜ਼ਾਰ ਹਨ। ਉਸ ਨੇ ਔਖੇ ਹਾਲਾਤ ਵਿੱਚ ਵੀ ਦੇਸ਼ ਨਹੀਂ ਛੱਡਿਆ ਅਤੇ ਲੱਖਾਂ ਲੋਕਾਂ ਲਈ ਪ੍ਰੇਰਣਾ ਬਣੀ।
ਅਸਲ ਵਿੱਚ ਮਚਾਦੋ ਅਮਰੀਕਾ ਦੀ ‘ਨਾਪਸੰਦ’ ਸਰਕਾਰ ਨੂੰ ਉਲਟਾਉਣ ਵਾਲੀ ਨੀਤੀ ਦਾ ਇੱਕ ਔਜ਼ਾਰ ਹੈ। ਉਸ ਦੀ ਸਿਆਸਤ ਹਿੰਸਾ ਵਿੱਚ ਡੁੱਬੀ ਹੋਈ ਹੈ। ਮਚਾਦੋ ਦੇਸ਼ ਦਾ ਤੇਲ, ਪਾਣੀ ਤੇ ਢਾਂਚਾ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਹਾਮੀ ਹੈ। ਇਹ ਉਹੀ ਤਰੀਕਾ ਹੈ ਜਿਸ ਨੇ ਲਾਤੀਨੀ ਅਮਰੀਕਾ ਨੂੰ 90ਵਿਆਂ ਦੇ ਦਹਾਕੇ ਵਿੱਚ ਨਵਉਦਾਰਵਾਦੀ ਦੁਰਗਤ ਦੀ ਪ੍ਰਯੋਗਸ਼ਾਲਾ ਬਣਾਇਆ। ਇਹ ਮਚਾਦੋ ਉਹੀ ਹੈ, ਜਿਸ ਨੇ 2014 ਵਿੱਚ ਗੁਰੀਲਾ ਰਣਨੀਤੀਆਂ ਵਾਲੇ ਪ੍ਰਦਰਸ਼ਨਾਂ ਨੂੰ ਹਵਾ ਦਿੱਤੀ, ਜਿਸ ਦੌਰਾਨ ਰਾਹ ਜਲਦੇ ਕਚਰੇ ਤੇ ਕੰਡਿਆਲੀਆਂ ਤਾਰਾਂ ਨਾਲ ਬੰਦ ਕੀਤੇ ਗਏ ਮਜ਼ਦੂਰਾਂ ਦੀਆਂ ਬੱਸਾਂ ਸਾੜੀਆਂ ਗਈਆਂ ਅਤੇ ਐਂਬੂਲੈਂਸਾਂ ਤੇ ਡਾਕਟਰਾਂ ’ਤੇ ਹਮਲੇ ਕੀਤੇ ਗਏ। ਮਦਦ ਲਈ ਆਏ ਕਿਊਬੀਆਈ ਮੈਡੀਕਲ ਬਿ੍ਰਗੇਡਾਂ ਨੂੰ ਲੱਗਭੱਗ ਜ਼ਿੰਦਾ ਜਲਾਇਆ ਗਿਆ। ਜਨਤਕ ਜਾਇਦਾਦਾਂ, ਖੁਰਾਕੀ ਟਰੱਕਾਂ ਤੇ ਸਕੂਲਾਂ ਨੂੰ ਨਸ਼ਟ ਕੀਤਾ ਗਿਆ। ਮਚਾਦੋ ਨੇ ਇਸ ਨੂੰ ‘ਪੋ੍ਰਟੈੱਸਟ’ ਦੱਸਿਆ।
ਸਟੀਲ ਬਾਦਸ਼ਾਹ ਦੀ ਧੀ ਮਚਾਦੋ ਨੇ 2002 ਵਿੱਚ ਵੀ ਤਖਤਾ ਪਲਟ ਦੀ ਅਗਵਾਈ ਕੀਤੀ ਸੀ, ਜਿਸ ਨੇ ਕੁਝ ਸਮੇਂ ਲਈ ਲੋਕਤੰਤਰੀ ਢੰਗ ਨਾਲ ਚੁਣੇ ਰਾਸ਼ਟਰਪਤੀ ਨੂੰ ਕੁਝ ਸਮੇਂ ਲਈ ਲਾਂਭੇ ਕਰ ਦਿੱਤਾ ਸੀ। ਇਸ ਦੌਰਾਨ ਸੰਵਿਧਾਨ ਖਤਮ ਕਰਕੇ ਹਰ ਜਨਤਕ ਸੰਸਥਾ ਨੂੰ ਰਾਤੋ-ਰਾਤ ਭੰਗ ਕਰ ਦਿੱਤਾ ਗਿਆ ਸੀ। ਮਚਾਦੋ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੀਆਂ ਹਮਲੇ ਦੀਆਂ ਧਮਕੀਆਂ ਤੇ ਵੈਨਜ਼ੁਏਲਾ ਕੋਲ ਨੇਵੀ ਦੀ ਤਾਇਨਾਤੀ ਦਾ ਸਵਾਗਤ ਕੀਤਾ, ਜਿਹੜਾ ‘ਨਾਰਕੋ ਸਮਗਲਿੰਗ ਉੱਤੇ ਰੋਕ’ ਦੀ ਆੜ ਵਿੱਚ ਜੰਗ ਭੜਕਾਅ ਸਕਣ ਵਾਲਾ ਸ਼ਕਤੀ ਪ੍ਰਦਰਸ਼ਨ ਸੀ। ਟਰੰਪ ਨੇ ਵੈਨਜ਼ੁਏਲਾ ਵੱਲ ਜੰਗੀ ਬੇੜੇ ਭੇਜੇ ਤੇ ਉਸ ਦੀਆਂ ਸੰਪਤੀਆਂ ਫਰੀਜ਼ ਕਰ ਦਿੱਤੀਆਂ ਤਾਂ ਮਚਾਦੋ ਨੇ ਸਵਾਗਤ ਕੀਤਾ। ਇਹ ਜਾਣਦਿਆਂ ਹੋਇਆਂ ਕਿ ਅਮਰੀਕੀ ਪਾਬੰਦੀਆਂ ਨਾਲ ਅਰਥਵਿਵਸਥਾ ਦਾ ਗਲਾ ਘੁਟੇਗਾ ਅਤੇ ਉਸ ਦੀ ਕੀਮਤ ਦੇਸ਼ ਦੇ ਗਰੀਬ, ਬਿਮਾਰ ਤੇ ਮਿਹਨਤਕਸ਼ ਲੋਕ ਚੁਕਾਉਣਗੇ। ਉਸ ਨੇ ਸੋਸ਼ਲਿਸਟ ਰਾਸ਼ਟਰਪਤੀ ਨਿਕੋਲਸ ਮਦੂਰੋ ਦੀ ਸਰਕਾਰ ਉਲਟਾਉਣ ਲਈ ਗਾਜ਼ਾ ਵਿੱਚ ਫਲਸਤੀਨੀਆਂ ਦਾ ਨਸਲਘਾਤ ਕਰਨ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਪੀਲ ਕੀਤੀ ਸੀ ਕਿ ਵੈਨਜ਼ੁਏਲਾ ਨੂੰ ‘ਆਜ਼ਾਦ’ ਕਰਾਉਣ ਵਿੱਚ ਮਦਦ ਕਰੇ। ਉਸ ਨੇ ਯੋਰੋਸ਼ਲਮ ਵਿੱਚ ਵੈਨਜ਼ੁਏਲਾ ਦਾ ਦੂਤਘਰ ਮੁੜ ਖੋਲ੍ਹਣ ਦਾ ਵੀ ਵਾਅਦਾ ਕੀਤਾ। ਇਸ ਤਰ੍ਹਾਂ ਉਸ ਨੇ ਖੁਦ ਨੂੰ ਇੱਕ ਅਜਿਹੇ ਨਸਲਵਾਦੀ ਰਾਸ਼ਟਰ ਨਾਲ ਦਰਸਾਇਆ, ਜਿਸ ਨੇ ਗਾਜ਼ਾ ਦੇ ਹਸਪਤਾਲਾਂ ’ਤੇ ਬੰਬਾਰੀ ਕੀਤੀ ਅਤੇ ਇਸ ਨੂੰ ਸਵੈਰੱਖਿਆ ਦੱਸਿਆ।
ਮਚਾਦੋ ਅਮਨ ਜਾਂ ਪ੍ਰਗਤੀ ਦਾ ਪ੍ਰਤੀਕ ਨਹੀਂ ਹੈ। ਉਹ ਫਾਸ਼ੀਵਾਦ, ਜ਼ਾਇਨਵਾਦ ਤੇ ਨਵਉਦਾਰਵਾਦ ਦੇ ਵਿਸ਼ਵੀ ਗੱਠਜੋੜ ਦਾ ਹਿੱਸਾ ਹੈ, ਇੱਕ ਅਜਿਹੀ ਧੁਰੀ, ਜਿਹੜੀ ਲੋਕਤੰਤਰ ਤੇ ਅਮਨ ਦੀ ਭਾਸ਼ਾ ਦੀ ਓਟ ਵਿੱਚ ਦਬਦਬੇ ਨੂੰ ਸਹੀ ਠਹਿਰਾਉਦੀ ਹੈ। ਵੈਨਜ਼ੁਏਲਾ ਵਿੱਚ ਇਸ ਦਾ ਮਤਲਬ ਤਖਤਾ ਪਲਟ, ਰੋਕਾਂ ਤੇ ਨਿੱਜੀਕਰਨ ਹੈ। ਨੋਬੇਲ ਅਮਨ ਪੁਰਸਕਾਰ ਹੈਨਰੀ ਕਸਿੰਜਰ ਨੂੰ ਵੀ ਦਿੱਤਾ ਜਾ ਚੁੱਕਾ ਹੈ। ਐਤਕੀਂ ਮਚਾਦੋ ਨੂੰ ਦੇਣਾ ਵੀ ਗੈਰਮਾਮੂਲੀ ਨਹੀਂ ਲੱਗਦਾ। ਸ਼ਾਇਦ ਅਗਲੇ ਸਾਲ ਉਸ ਨੂੰ ਦੇ ਦਿੱਤਾ ਜਾਵੇ, ਜਿਹੜਾ ਗਾਜ਼ਾ ਵਿੱਚ ਫਲਸਤੀਨੀਆਂ ਦਾ ਨਸਲਘਾਤ ਹੁੰਦਾ ਦੇਖਦਾ ਰਿਹਾ ਤੇ ਫਿਰ ‘ਜੰਗਬੰਦੀ’ ਕਰਾਉਣ ਲਈ ਮੈਦਾਨ ਵਿੱਚ ਆ ਗਿਆ।
ਚੰਦ ਫਤਿਹਪੁਰੀ



