ਚੰਡੀਗੜ੍ਹ : ਗਾਇਕ ਰਾਜਵੀਰ ਜਵੰਦਾ (35) ਦਾ ਮੋਟਰਸਾਈਕਲ ਹਿਮਾਚਲ ਦੇ ਬੱਦੀ ਵਿੱਚ ਨਹੀਂ, ਹਰਿਆਣਾ ਦੇ ਪਿੰਜੌਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ | ਨਵੇਂ ਖੁਲਾਸੇ ਮੁਤਾਬਕ ਹਾਦਸਾ 27 ਸਤੰਬਰ ਨੂੰ ਸਵੇਰੇ ਪਿੰਜੌਰ-ਬੱਦੀ ਹਾਈਵੇ ‘ਤੇ ਸੈਕਟਰ-30 ਟੀ ਪੁਆਇੰਟ ਨੇੜੇ ਹੋਇਆ | ਜਵੰਦਾ ਦੇ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ | ਜਵੰਦਾ ਨੂੰ ਉਸ ਦੇ ਸਾਥੀ ਤੁਰੰਤ ਪਿੰਜੌਰ ਦੇ ਜੇ ਐੱਨ ਸ਼ੋਰੀ ਮਲਟੀਸਪੈਸ਼ਲਿਟੀ ਹਸਪਤਾਲ ਲੈ ਕੇ ਗਏ | ਦੋਸ਼ ਹੈ ਕਿ ਨਿੱਜੀ ਹਸਪਤਾਲ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਮੁੱਢਲੀ ਸਹਾਇਤਾ ਦੇ ਕੇ ਪੰਚਕੂਲਾ ਸੈਕਟਰ-6 ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ | ਉੱਥੋਂ ਜਵੰਦਾ ਨੂੰ ਅੱਗੇ ਮੁਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਭਗ 11 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ 8 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ |
ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (ਐੱਲ ਐੱਫ ਐੱਚ ਆਰ ਆਈ) ਦੀ ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿੰਜੌਰ ਪੁਲਸ ਸਟੇਸ਼ਨ ਦੀ ਡੇਲੀ ਡਾਇਰੀ ਰਿਪੋਰਟ (ਡੀ ਡੀ ਆਰ) ਅਤੇ ਸਥਾਨਕ ਜਾਂਚ ਦੇ ਆਧਾਰ ‘ਤੇ ਇਹ ਸਪੱਸ਼ਟ ਹੈ ਕਿ ਪਿੰਜੌਰ ਦੇ ਸ਼ੋਰੀ ਹਸਪਤਾਲ ਨੇ ਜ਼ਖਮੀ ਗਾਇਕ ਨੂੰ ਐਮਰਜੈਂਸੀ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਐੱਲ ਐੱਫ ਐੱਚ ਆਰ ਆਈ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਉਹ ਹੁਣ ਡਾਕਟਰੀ ਲਾਪਰਵਾਹੀ ਦਾ ਮੁੱਦਾ ਉਠਾਉਂਦੇ ਹੋਏ ਹਾਈ ਕੋਰਟ ਤੱਕ ਪਹੁੰਚ ਕਰਨਗੇ | ਇਹ ਪਟੀਸ਼ਨ ਨਾ ਸਿਰਫ ਜਵੰਦਾ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰੇਗੀ, ਸਗੋਂ ਐਮਰਜੈਂਸੀ ਵਿੱਚ ਹਸਪਤਾਲਾਂ ਤੇ ਡਾਕਟਰਾਂ ਦੀ ਜ਼ਿੰਮੇਵਾਰੀ, ਸੜਕਾਂ ‘ਤੇ ਅਵਾਰਾ ਪਸ਼ੂਆਂ ਤੋਂ ਵਧਦੇ ਖਤਰੇ ਅਤੇ ਐਮਰਜੈਂਸੀ ਡਾਕਟਰੀ ਬੁਨਿਆਦੀ ਢਾਂਚੇ ਦੀ ਘਾਟ ਵਰਗੇ ਵਿਆਪਕ ਮੁੱਦਿਆਂ ਨੂੰ ਵੀ ਉਜਾਗਰ ਕਰੇਗੀ | ਉਧਰ, ਜੇ ਐੱਨ ਸ਼ੋਰੀ ਹਸਪਤਾਲ ਦੇ ਡਾਕਟਰ ਵਿਮਲ ਸ਼ੋਰੀ ਅਤੇ ਮੋਹਿਤ ਸ਼ੋਰੀ ਨੇ ਦੱਸਿਆ ਕਿ ਰਾਜਵੀਰ ਨਾਂਅ ਦੇ ਇੱਕ ਬੇਹੋਸ਼ ਮਰੀਜ਼ ਨੂੰ ਦੋ ਸਾਥੀ ਸਵੇਰੇ ਲਗਭਗ 9 ਵਜੇ ਹਸਪਤਾਲ ਲੈ ਕੇ ਆਏ ਸਨ | ਡਾ. ਮੋਹਿਤ ਨੇ ਦੱਸਿਆ, ‘ਮਰੀਜ਼ ਦੇ ਸਰੀਰ ‘ਤੇ ਕੋਈ ਬਾਹਰੀ ਸੱਟ ਨਹੀਂ ਸੀ | ਅਸੀਂ ਤੁਰੰਤ ਇੰਜੈਕਸ਼ਨ ਅਤੇ ਦਵਾਈਆਂ ਦੇ ਕੇ ਲਗਭਗ 15–20 ਮਿੰਟ ਤੱਕ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ | ਸਾਨੂੰ ਲੱਗਾ ਕਿ ਮਰੀਜ਼ ਨੂੰ ਵੱਡੇ ਹਸਪਤਾਲ ਵਿੱਚ ਇਲਾਜ ਮਿਲਣਾ ਚਾਹੀਦਾ ਹੈ, ਇਸ ਲਈ ਅਸੀਂ ਰੈਫਰ ਕਰ ਦਿੱਤਾ |’”ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਜ਼ਖਮੀ ਵਿਅਕਤੀ ਮਸ਼ਹੂਰ ਪੰਜਾਬੀ ਗਾਇਕ ਜਵੰਦਾ ਹੈ | ਡਾਕਟਰ ਮੋਹਿਤ ਨੇ ਕਿਹਾ, ‘ਟੀ ਵੀ ‘ਤੇ ਖਬਰਾਂ ਚੱਲਣ ਤੋਂ ਬਾਅਦ ਹੀ ਸਾਨੂੰ ਉਸ ਦੀ ਪਛਾਣ ਦਾ ਪਤਾ ਲੱਗਾ |’ ਹਸਪਤਾਲ ਨੇ ਸੀ ਸੀ ਟੀ ਵੀ ਫੁਟੇਜ਼ ਵੀ ਜਾਰੀ ਕੀਤੀ ਹੈ, ਜਿਸ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਆਉਂਦੇ ਹੋਏ ਕੁਝ ਲੋਕ ਦਿਖਾਈ ਦੇ ਰਹੇ ਹਨ | ਸਥਾਨਕ ਦੁਕਾਨਦਾਰਾਂ ਅਨੁਸਾਰ ਹਾਦਸੇ ਦੇ ਸਮੇਂ ਸੜਕ ‘ਤੇ ਦੋ ਸਾਨ੍ਹ ਆਪਸ ਵਿੱਚ ਲੜ ਰਹੇ ਸਨ, ਜੋ ਅਚਾਨਕ ਰਾਜਵੀਰ ਦੇ ਮੋਟਰਸਾਈਕਲ ਸਾਹਮਣੇ ਆ ਗਏ | ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਸਵਾਰ ਸੜਕ ‘ਤੇ ਜਾ ਡਿੱਗਿਆ | ਪਿੰਜੌਰ ਥਾਣਾ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਹਾਦਸੇ ਤੋਂ ਬਾਅਦ ਮੁੱਢਲੀ ਸਹਾਇਤਾ ਵਿੱਚ ਕੋਈ ਲਾਪਰਵਾਹੀ ਜਾਂ ਦੇਰੀ ਤਾਂ ਨਹੀਂ ਹੋਈ |




