ਲਾਲੂ, ਰਾਬੜੀ ਤੇ ਤੇਜਸਵੀ ਖਿਲਾਫ ਦੋਸ਼ ਆਇਦ

0
91

ਨਵੀਂ ਦਿੱਲੀ : ਇੱਥੋਂ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸੋਮਵਾਰ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾ ਦੇ ਪੁੱਤਰ ਤੇਜਸਵੀ ਯਾਦਵ ਵਿਰੁੱਧ ਕਥਿਤ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ ਆਰ ਸੀ ਟੀ ਸੀ) ਘੁਟਾਲੇ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ | ਇਸ ਨਾਲ ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਮੁਕੱਦਮੇ ਲਈ ਰਾਹ ਪੱਧਰਾ ਹੋ ਗਿਆ ਹੈ | ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਵਿਰੁੱਧ ਅਪਰਾਧਕ ਸਾਜ਼ਿਸ਼ ਅਤੇ ਧੋਖਾਧੜੀ ਦੇ ਸਾਂਝੇ ਦੋਸ਼ ਤੈਅ ਕੀਤੇ ਗਏ ਹਨ | ਇਹ ਮਾਮਲਾ ਆਈ ਆਰ ਸੀ ਟੀ ਸੀ ਦੇ ਦੋ ਹੋਟਲਾਂ ਦੇ ਸੰਚਾਲਨ ਦੇ ਠੇਕੇ ਇੱਕ ਨਿੱਜੀ ਫਰਮ ਨੂੰ ਦੇਣ ਵਿੱਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ ਹੈ |
ਅਦਾਲਤ ਨੇ ਲਾਲੂ ਪ੍ਰਸਾਦ ਵਿਰੁੱਧ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਵੀ ਦੋਸ਼ ਆਇਦ ਕੀਤੇ ਹਨ | ਹਾਲਾਂਕਿ ਉਨ੍ਹਾਂ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ |
ਸੀ ਬੀ ਆਈ ਦੀ ਚਾਰਜਸ਼ੀਟ ਅਨੁਸਾਰ ਕਥਿਤ ਤੌਰ ‘ਤੇ 2004 ਅਤੇ 2014 ਦੇ ਵਿਚਕਾਰ ਇੱਕ ਸਾਜ਼ਿਸ਼ ਰਚੀ ਗਈ ਸੀ, ਜਿਸ ਦੇ ਤਹਿਤ ਇੰਡੀਅਨ ਰੇਲਵੇ ਦੇ ਬੀ ਐੱਨ ਆਰ ਹੋਟਲਾਂ (ਜੋ ਪੁਰੀ ਅਤੇ ਰਾਂਚੀ ਵਿੱਚ ਸਥਿਤ ਹਨ) ਨੂੰ ਪਹਿਲਾਂ ਆਈ ਆਰ ਸੀ ਟੀ ਸੀ ਨੂੰ ਤਬਦੀਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਦੇ ਸੰਚਾਲਨ, ਸਾਂਭ-ਸੰਭਾਲ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਪਟਨਾ ਅਧਾਰਤ ਸੁਜਾਤਾ ਹੋਟਲਜ਼ ਪ੍ਰਾਈਵੇਟ ਲਿਮਟਿਡ ਨੂੰ ਲੀਜ਼ ‘ਤੇ ਦੇ ਦਿੱਤੀ ਗਈ |