ਸਾਲ 2007-08 ਦੌਰਾਨ ਮੱਕਾ ਮਸਜਿਦ, ਅਜਮੇਰ ਸ਼ਰੀਫ਼ ਦਰਗਾਹ ਤੇ ਮਾਲੇਗਾਂਵ ਵਿੱਚ ਬੰਬ ਧਮਾਕੇ ਹੋਏ ਸਨ। ਉਸ ਸਮੇਂ ਇਹ ਦੋਸ਼ ਲੱਗੇ ਸਨ ਕਿ ਇਹ ਬੰਬ ਧਮਾਕੇ ਕੁਝ ਕੱਟੜ ਹਿੰਦੂ ਗਰੁੱਪਾਂ ਵੱਲੋਂ ਕੀਤੇ ਗਏ ਸਨ। ਸੁਰੱਖਿਆ ਏਜੰਸੀਆਂ ਦੀ ਜਾਂਚ-ਪੜਤਾਲ ਤੋਂ ਬਾਅਦ ਮਿਲੇ ਸਬੂਤਾਂ ਦੇ ਅਧਾਰ ’ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਹਿੰਦੂਤਵੀ ਸਮੂਹਾਂ ਦੀਆਂ ਇਨ੍ਹਾਂ ਅਪਰਾਧੀ ਗਤੀਵਿਧੀਆਂ ਨੂੰ ‘ਭਗਵੇਂ ਆਤੰਕਵਾਦ’ ਦਾ ਨਾਂਅ ਦਿੱਤਾ ਸੀ। ਇਸ ਉੱਤੇ ਭਾਜਪਾ ਨੇ ਬੜਾ ਹੋ-ਹੱਲਾ ਕੀਤਾ ਸੀ ਤੇ ਕਿਹਾ ਸੀ ਕਿ ਇਹ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
ਹੁਣ ਇਸ ਸਾਜ਼ਿਸ਼ ਦਾ ਭਾਂਡਾ ਆਰ ਐੱਸ ਐੱਸ ਨਾਲ 25 ਸਾਲ ਤੱਕ ਜੁੜੇ ਰਹੇ ਇੱਕ ਸਵੈਮਸੇਵਕ ਨੇ ਹੀ ਭੰਨ ਦਿੱਤਾ ਹੈ। ਦੋ ਸਤੰਬਰ ਦੇ ‘ਦੀ ਟੈਲੀਗਰਾਫ’ ਵਿੱਚ ਛਪੀ ਰਿਪੋਰਟ ਮੁਤਾਬਕ ਸੰਘ ਦੇ ਸਾਬਕਾ ਕਾਰਕੁਨ ਯਸ਼ਵੰਤ ਸ਼ਿੰਦੇ ਨੇ ਮਹਾਰਾਸ਼ਟਰ ਦੇ ਨਾਂਦੇੜ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿੱਚ ਇੱਕ ਹਲਫ਼ਨਾਮਾ ਦਾਖ਼ਲ ਕਰਕੇ ‘ਭਗਵਾਂ ਆਤੰਕਵਾਦ’ ਦੇ ਜ਼ਾਲਮਾਨਾ ਚਿਹਰੇ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਹਲਫ਼ਨਾਮੇ ਮੁਤਾਬਕ ਯਸ਼ਵੰਤ ਸ਼ਿੰਦੇ 1990 ਵਿੱਚ 18 ਸਾਲ ਦੀ ਉਮਰ ਵਿੱਚ ਆਰ ਐੱਸ ਐੱਸ ਨਾਲ ਜੁੜਿਆ ਸੀ। ਉਹ 1994 ਵਿੱਚ ਜੰਮੂ ਗਿਆ ਸੀ, ਜਿੱਥੇ ਉਸ ਨੂੰ ਰਜੌਰੀ ਦਾ ਵਿਸਤਾਰਕ ਬਣਾਇਆ ਗਿਆ, ਜੋ ਆਰ ਐੱਸ ਐੱਸ ਵਿੱਚ ਇੱਕ ਅਹੁਦਾ ਹੁੰਦਾ ਹੈ। ਸ਼ਿੰਦੇ ਨੂੰ 1995 ਵਿੱਚ ਫਾਰੂਕ ਅਬਦੁੱਲਾ ਉਤੇ ਹਮਲਾ ਕਰਨ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਸ਼ਿੰਦੇ ਨੂੰ ਆਰ ਐੱਸ ਐੱਸ ਦੀ ਮੁਢਲੀ ਤੇ ਸੈਕੰਡਰੀ ਲੈਵਲ ਦੀ ਟਰੇਨਿੰਗ ਲੈਣ ਤੋਂ ਬਾਅਦ ਊਧਮਪੁਰ ਜ਼ਿਲ੍ਹੇ ਦਾ ਪ੍ਰਚਾਰਕ ਬਣਾ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਤੋਂ ਵਾਪਸ ਆਉਣ ਤੋਂ ਬਾਅਦ 1999 ਵਿੱਚ ਉਸ ਨੂੰ ਮੁੰਬਈ ਬਜਰੰਗ ਦਲ ਦਾ ਮੁਖੀ ਦਾ ਅਹੁਦਾ ਦਿੱਤਾ ਗਿਆ ਸੀ।
ਹਲਫਨਾਮੇ ਮੁਤਾਬਕ ਸ਼ਿੰਦੇ ਨੂੰ ਕਿਹਾ ਗਿਆ ਸੀ ਕਿ ਉਹ ਕੁਝ ਲੜਾਕੂ ਮੁੰਡਿਆਂ ਨੂੰ ਨਾਲ ਲੈ ਕੇ ਜੰਮੂ ਜਾਵੇ, ਜਿਥੇ ਉਨ੍ਹਾਂ ਨੂੰ ਹਥਿਆਰਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਥਾਣੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿੱਚ 7 ਨੌਜਵਾਨਾਂ ਦੀ ਚੋਣ ਕੀਤੀ ਗਈ। ਇਹ ਮੀਟਿੰਗ ਹਿੰਮਾਂਸ਼ੂ ਪਾਨਸੇ ਨਾਂਅ ਦੇ ਵੀ ਐੱਚ ਪੀ ਲੀਡਰ ਵੱਲੋਂ ਕਰਾਈ ਗਈ ਸੀ। ਉਸ ਤੋਂ ਬਾਅਦ ਸ਼ਿੰਦੇ, ਹਿਮਾਂਸ਼ੂ ਤੇ ਚੁਣੇ ਗਏ 7 ਨੌਜਵਾਨ ਜੰਮੂ ਗਏ, ਜਿੱਥੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਗਈ। ਉਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਲਦੀ ਹੀ ਬੰਬ ਬਣਾਉਣ ਦੀ ਟਰੇਨਿੰਗ ਲਈ ਇੱਕ ਟਰੇਨਿੰਗ ਕੈਂਪ ਲਾਇਆ ਜਾਵੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਟਰੇਨਿੰਗ ਤੋਂ ਬਾਅਦ ਦੇਸ਼ ਭਰ ਵਿੱਚ ਬੰਬ ਧਮਾਕੇ ਕੀਤੇ ਜਾਣਗੇ। ਉਸ ਉਪਰੰਤ ਇੱਕ ਦੂਰ ਦੇ ਜੰਗਲ ਵਿੱਚ ਬੰਬ ਧਮਾਕਾ ਕਰਨ ਦਾ ਤਜਰਬਾ ਕੀਤਾ ਗਿਆ, ਜੋ ਸਫ਼ਲ ਰਿਹਾ।
ਬੰਬ ਬਣਾਉਣ ਦਾ ਤਿੰਨ ਦਿਨਾ ਟਰੇਨਿੰਗ ਕੈਂਪ ਸਿੰਘ ਗੜ੍ਹ ਕਿਲੇ੍ਹ ਵਿੱਚ ਸਥਿਤ ਇੱਕ ਰਿਜ਼ਾਰਟ ਵਿੱਚ ਲਾਇਆ ਗਿਆ। ਇਸ ਵਿੱਚ ਔਰੰਗਾਬਾਦ, ਜਲਗਾਂਵ ਤੇ ਨੰਦੇੜ ਆਦਿ ਜ਼ਿਲ੍ਹਿਆਂ ਦੇ 20 ਨੌਜਵਾਨ ਸ਼ਾਮਲ ਹੋਏ। ਟਰੇਨਿੰਗ ਦੇਣ ਲਈ ਇੱਕ ਮਿਥੁਨ ਚੱਕਰਵਰਤੀ ਕਹਾਉਂਦਾ ਵਿਅਕਤੀ ਆਉਂਦਾ ਸੀ, ਜਿਸ ਦਾ ਅਸਲੀ ਨਾਂਅ ਰਵੀ ਦੇਵ ਸੀ। ਇਸ ਕੈਂਪ ਦਾ ਸੰਯੋਜਕ ਰਾਕੇਸ਼ ਧਾਵੜੇ ਸੀ, ਜੋ ਬਾਅਦ ਵਿੱਚ ਮਾਲੇਗਾਂਵ ਵਿਸਫੋਟ ਕੇਸ ਵਿੱਚ ਫੜਿਆ ਗਿਆ ਸੀ।
ਹਲਫ਼ਨਾਮੇ ਮੁਤਾਬਕ ਟਰੇਨਿੰਗ ਤੋਂ ਬਾਅਦ ਹਿਮਾਂਸ਼ੂ ਪਾਨਸੇ ਨੇ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਬੰਬ ਧਮਾਕੇ ਕਰਾਏ ਸਨ। ਉਸ ਦੀ ਔਰੰਗਾਬਾਦ ਦੀ ਮੁੱਖ ਮਸਜਿਦ ਵਿੱਚ ਇੱਕ ਵੱਡਾ ਧਮਾਕਾ ਕਰਨ ਦੀ ਯੋਜਨਾ ਸੀ। ਇਸ ਧਮਾਕੇ ਲਈ ਜਦੋਂ ਉਹ ਬੰਬ ਬਣਾ ਰਿਹਾ ਸੀ ਤਾਂ ਅਚਾਨਕ ਬੰਬ ਫਟਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਸ਼ਿੰਦੇ ਨੇ ਆਪਣੇ ਹਲਫਨਾਮੇ ਵਿੱਚ ਜਿਨ੍ਹਾਂ ਹੋਰ ਹਿੰਦੂਤਵੀ ਅੱਤਵਾਦੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚ ਤਪਨ ਘੋਸ਼ ਬੰਗਾਲ, ਰਾਮ ਸੈਨਾ ਦੇ ਕਰਨਾਟਕ ਦਾ ਮੁਖੀ ਪ੍ਰਮੋਦ ਮੁਤਾਲਿਕ ਤੇ ਵੀ ਐੱਚ ਪੀ ਆਗੂ ਮਿ�ਿਦ ਪਰਾਂਡੇ ਸ਼ਾਮਲ ਹਨ। ਸ਼ਿੰਦੇ ਮੁਤਾਬਕ ਉਸ ਨੇ ਖੁਦ ਬੰਬ ਧਮਾਕਿਆਂ ਦੀਆਂ ਕਈ ਯੋਜਨਾਵਾਂ ਨੂੰ ਫੇਲ ਕੀਤਾ, ਕਿਉਂਕਿ ਉਹ ਹਿੰਸਾ ਦੇ ਵਿਰੁੱਧ ਸੀ। ਉਸ ਨੇ ਕਿਹਾ ਕਿ ਇਹ ਸਿਲਸਿਲਾ 2004 ਤੱਕ ਚਲਦਾ ਰਿਹਾ। 2004 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਉੱਤੇ ਮਿ�ਿਦ ਪਰਾਂਡੇ ਅੰਡਰਗਰਾਊਂਡ ਹੋ ਗਿਆ ਤੇ ਉਸ ਨੇ ਕਈ ਬੰਬ ਧਮਾਕੇ ਕਰਾਏ।
ਸ਼ਿੰਦੇ ਨੇ ਕਿਹਾ ਹੈ ਕਿ ਉਹ 16 ਸਾਲ ਤੱਕ ਮੋਹਨ ਭਾਗਵਤ ਸਮੇਤ ਸੰਘ ਦੇ ਹਰ ਆਗੂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਮਨਾਉਂਦਾ ਰਿਹਾ, ਪਰ ਕਿਸੇ ਨੇ ਵੀ ਕੋਈ ਹੁੰਗਾਰਾ ਨਾ ਭਰਿਆ। ਇਸੇ ਕਾਰਨ ਹੁਣ ਮੈਂ ਆਪਣੀ ਗੱਲ ਅਦਾਲਤ ਸਾਹਮਣੇ ਪੇਸ਼ ਕਰਨ ਦਾ ਫੈਸਲਾ ਲਿਆ ਹੈ।
ਯਸ਼ਵੰਤ ਸ਼ਿੰਦੇ ਦੇ ਇਸ ਹਲਫਨਾਮੇ ਨੂੰ ਕਾਂਗਰਸ ਦੇ ਮੀਡੀਆ ਸੈੱਲ ਦੇ ਮੁਖੀ ਪਵਨ ਖੇੜਾ, ਜਨਰਲ ਸਕੱਤਰ ਦਿਗਵਿਜੈ ਸਿੰਘ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੇ ਟਵੀਟ ਕਰਕੇ ਮੰਗ ਕੀਤੀ ਹੈ ਕਿ ਸੰਘ ਦੇ ਸਾਬਕਾ ਪ੍ਰਚਾਰਕ ਵੱਲੋਂ ਸੰਘ ਦੀ ਅਸਲੀ ਸੱਚਾਈ ਸਾਹਮਣੇ ਲਿਆਉਣ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਇਸ ਲਈ ਉਸ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਉਸ ਦੇ ਹੌਸਲੇ ਦੀ ਵੀ ਪ੍ਰਸੰਸਾ ਕੀਤੀ ਹੈ। ਇਸ ਦੇ ਬਾਵਜੂਦ ਭਾਜਪਾ, ਆਰ ਐੱਸ ਐੱਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਿਸੇ ਆਗੂ ਨੇ ਇਸ ਹਲਫਨਾਮੇ ਬਾਰੇ ਹਾਲੇ ਤੱਕ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਅਦਾਲਤ ਨੇ ਇਸ ਹਲਫਨਾਮੇ ਬਾਰੇ ਸੀ ਬੀ ਆਈ ਦੇ ਵਕੀਲ ਤੇ ਦੋਸ਼ੀਆਂ ਨੂੰ ਸੰਮਨ ਭੇਜ ਕੇ 22 ਸਤੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਯਾਦ ਰਹੇ ਕਿ ਨਾਂਦੇੜ ਬੰਬ ਧਮਾਕੇ ਬਾਰੇ ਇਸ ਅਦਾਲਤ ਵਿੱਚ ਕਾਰਵਾਈ ਚੱਲ ਰਹੀ ਹੈ।
-ਚੰਦ ਫਤਿਹਪੁਰੀ