ਨਵੀਂ ਦਿੱਲੀ : ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸੋਮਵਾਰ ਆਰ ਐੱਸ ਐੱਸ ਵਾਲਿਆਂ ਵੱਲੋਂ ਪਹਿਲਾਂ ਪਾਈ ਜਾਂਦੀ ਖਾਕੀ ਨਿੱਕਰ ਵਰਗੀ ਨਿੱਕਰ ਦਾ ਗ੍ਰਾਫਿਕ ਸ਼ੇਅਰ ਕੀਤਾ। ਨਿੱਕਰ ਇਕ ਕੋਨੇ ਤੋਂ ਸੜਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ ਹੈਦੇਸ਼ ਨੂੰ ਨਫਰਤ ਤੋਂ ਮੁਕਤ ਕਰਾਉਣ ’ਚ 145 ਦਿਨ ਬਾਕੀ। ਭਾਜਪਾ-ਆਰ ਐੱਸ ਐੱਸ ਵੱਲੋਂ ਦੇਸ਼ ਨੂੰ ਪਹੁੰਚਾਏ ਨੁਕਸਾਨ ਦੀ ਭਰਪਾਈ ਕਰਨ ਦੇ ਆਪਣੇ ਨਿਸ਼ਾਨੇ ’ਤੇ ਅਸੀਂ ਹੌਲੀ-ਹੌਲੀ ਪੁੱਜ ਜਾਵਾਂਗੇ।
ਭਾਰਤ ਜੋੜੋ ਯਾਤਰਾ ਉੱਤੇ ਪਹਿਲੇ ਦਿਨ ਤੋਂ ਹੀ ਹਮਲਾਵਰ ਭਾਜਪਾ ਨੇ ਇਸ ’ਤੇ ਤੁਰੰਤ ਤਕੜਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਹਿੰਸਾ ਨੂੰ ਹਵਾ ਦੇ ਰਹੀ ਹੈ, ਕੌਮਪ੍ਰਸਤਾਂ ’ਤੇ ਹਮਲੇ ਕਰ ਰਹੀ ਹੈ ਤੇ ਅੱਗਾਂ ਲਾ ਰਹੀ ਹੈ। ਇਸ ਨਾਲ ਭਾਰਤ ਜੋੜੋ ਦਾ ਝੂਠ ਬੇਪਰਦ ਹੋ ਗਿਆ ਹੈ।
ਆਰ ਐੱਸ ਐੱਸ ਦੇ ਆਗੂ ਮਨਮੋਹਨ ਵੈਦਿਆ ਨੇ ਕਿਹਾਕਾਂਗਰਸ ਨੇ ਲੰਮੇ ਸਮੇਂ ਤੋਂ ਸਾਡੇ ਪ੍ਰਤੀ ਨਫਰਤ ਪਾਲ ਰੱਖੀ ਹੈ। ਉਨ੍ਹਾਂ ਦੇ ਪਿਤਾ ਤੇ ਦਾਦੇ ਨੇ ਆਰ ਐੱਸ ਐੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਰ ਐੱਸ ਐੱਸ ਵਧਦੀ ਗਈ ਤੇ ਸਾਨੂੰ ਲੋਕਾਂ ਦੀ ਹਮਾਇਤ ਮਿਲਦੀ ਗਈ।
ਕਾਂਗਰਸ ਦੇ ਸੰਚਾਰ ਵਿੰਗ ਦੇ ਮੁਖੀ ਜੈਰਾਮ ਰਮੇਸ਼ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾਜਿਹੜੇ ਨਫਰਤ, ਤੁਅੱਸਬ ਤੇ ਕੱਟੜਤਾ ਨੂੰ ਹਵਾ ਦਿੰਦੇ ਹਨ, ਉਨ੍ਹਾਂ ਨੂੰ ਪ੍ਰਤੀਕਿਰਿਆ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਆਰ ਐੱਸ ਐੱਸ ਤੇ ਭਾਜਪਾ ਕਾਂਗਰਸ ਦੇ ਹਮਲਾਵਰ ਹੁੰਗਾਰੇ ਦੇ ਆਦੀ ਨਹੀਂ। ਜੇ ਉਹ ਹਮਲਾਵਰ ਹੋਏ ਤਾਂ ਅਸੀਂ ਦੁੱਗਣੇ ਹਮਲਾਵਰ ਹੋਵਾਂਗੇ। ਇਹ ਗੱਲ ਉਹ ਸਮਝ ਲੈਣ।
ਕਾਂਗਰਸ ਵਿੱਚੋਂ ਭਾਜਪਾ ’ਚ ਗਏ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਾਂਗਰਸ ਦੇ ਟਵੀਟ ਨੂੰ ਸ਼ਰਮਨਾਕ ਮਾਨਸਿਕਤਾ ਦਾ ਪ੍ਰਗਟਾਵਾ ਦੱਸਦਿਆਂ ਕਿਹਾਕਾਂਗਰਸ ਪਾਰਟੀ ਆਪਣੇ ਅਸਲੀ ਮਨਸੂਬੇ ਵੀ ਨਹੀਂ ਲੁਕੋ ਰਹੀ। ਭਾਰਤ ਜੋੜੋ ਦੇ ਲਬਾਦੇ ਹੇਠ ਭਾਰਤ ਤੋੜੋ ਵਿਚ ਲੱਗੀ ਹੋਈ ਹੈ। ਭਾਰਤ ਕੌਮਪ੍ਰਸਤਾਂ ’ਤੇ ਹਮਲਿਆਂ ਦੇ ਉਸ ਦੇ ਇਰਾਦਿਆਂ ਲਈ ਉਸ ਨੂੰ ਮੁਆਫ ਨਹੀਂ ਕਰੇਗਾ। ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ 1984 ਵਿਚ ਦਿੱਲੀ ਸਣੇ ਦੇਸ਼ ਵਿਚ ਸਮੇਂ-ਸਮੇਂ ਹੋਈਆਂ ਵੱਡੀਆਂ ਹਿੰਸਾਵਾਂ ਲਈ ਕਾਂਗਰਸ ਨੂੰ ਜ਼ਿੰਮੇਦਾਰ ਠਹਿਰਾਉਦਿਆਂ ਕਿਹਾ ਕਿ ਉਹ ਭਾਰਤ ਨੂੰ ਕਦੇ ਨਹੀਂ ਜੋੜ ਸਕਦੀ। ਇਹ ਇਤਿਹਾਸ ਦੇ ਕੂੜੇਦਾਨ ਵਿਚ ਸੁੱਟੀ ਜਾਣ ਦੀ ਹੱਕਦਾਰ ਹੈ।
ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਕਿਹਾਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਹੀਂ, ਸਗੋਂ ਭਾਰਤ ਤੋੜੋ ਯਾਤਰਾ ਤੇ ਅੱਗ ਲਾਓ ਯਾਤਰਾ ਹੈ। ਕਾਂਗਰਸ ਨੂੰ ਨਿੱਕਰ ਵਾਲੀ ਫੋਟੋ ਤੁਰੰਤ ਵਾਪਸ ਲੈਣੀ ਚਾਹੀਦੀ ਹੈ।
ਭਾਜਪਾ ਦੇ ਸਾਂਸਦ ਪ੍ਰਕਾਸ਼ ਜਾਵੜੇਕਰ ਨੇ ਕਿਹਾਅਸੀਂ ਆਰ ਐੱਸ ਐੱਸ ਦੀ ਪੁਰਾਣੀ ਵਰਦੀ (ਖਾਕੀ ਨਿੱਕਰ), ਜਿਹੜੀ ਸੜ ਰਹੀ ਹੈ, ਨੂੰ ਟਵੀਟ ਕਰਕੇ ਹਿੰਸਾ ਨੂੰ ਹਵਾ ਦੇਣ ਦੀ ਕਾਂਗਰਸ ਦੀ ਕਾਰਵਾਈ ਦੀ ਨਿੰਦਾ ਕਰਦੇੇ ਹਾਂ। ਇਹ ਨਾ ਸਿਰਫ ਦੇਸ਼ ਭਗਤ ਆਰ ਐੱਸ ਐੱਸ ਉੱਤੇ ਹਮਲਾ ਹੈ, ਸਗੋਂ ਭਾਰਤੀ ਜਮਹੂਰੀਅਤ ਦੀ ਬੁਨਿਆਦ ’ਤੇ ਹਮਲਾ ਹੈ।
ਦੱਖਣੀ ਬੇਂਗਲੁਰੂ ਦੇ ਭਾਜਪਾ ਸਾਂਸਦ ਤੇ ਯੁਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰੀਆ ਨੇ ਕਿਹਾਕਾਂਗਰਸ ਦਾ ਸੰਵਿਧਾਨਕ ਢੰਗਾਂ ਵਿਚ ਵਿਸ਼ਵਾਸ ਨਹੀਂ ਰਿਹਾ। ਰਾਹੁਲ ਗਾਂਧੀ ਭਾਰਤੀ ਸਟੇਟ ਦੇ ਖਿਲਾਫ ਲੜ ਰਹੇ ਹਨ। ਆਮ ਆਦਮੀ ਪਾਰਟੀ ਵਿਚੋਂ ਨਿਕਲੇ ਭਾਜਪਾ ਦੇ ਦਿੱਲੀ ਦੇ ਅੱਗ ਉਗਲਣ ਵਾਲੇ ਆਗੂ ਕਪਿਲ ਮਿਸ਼ਰਾ ਨੇ ਟਵੀਟ ਕੀਤਾਰਾਵਣ ਨੇ ਹਨੂੰਮਾਨ ਜੀ ਕੀ ਪੂੰਛ ਮੇਂ ਆਗ ਲਗਾਨੇ ਸੇ ਪਹਿਲੇ ਯਹੀ ਸੋਚਾ ਥਾ। ਬਾਅਦ ਮੇਂ ਪੂਰੀ ਲੰਕਾ ਜਲ ਕਰ ਰਾਖ ਹੋ ਗਈ, ਪੂੰਛ ਤਬ ਭੀ ਨਹੀਂ ਜਲੀ। ਬੱਸ ਯਹੀ ਹਾਲ ਕਾਂਗਰਸ ਕਾ ਹੋਗਾ।
ਕਿਸੇ ਵੇਲੇ ਰਾਹੁਲ ਦੇ ਲਾਗੇ ਹੁੰਦੇ ਤੇ ਅੱਜਕੱਲ੍ਹ ਯੂ ਪੀ ਭਾਜਪਾ ਮੰਤਰੀ ਜਤਿਨ ਪ੍ਰਸਾਦ ਨੇ ਕਿਹਾਸਿਆਸੀ ਮਤਭੇਦ ਕੁਦਰਤੀ ਤੇ ਸਮਝੇ ਜਾ ਸਕਣ ਵਾਲੇ ਹੁੰਦੇ ਹਨ, ਪਰ ਕਾਂਗਰਸ ਦੀ ਸਿਆਸੀ ਵਿਰੋਧੀਆਂ ਨੂੰ ਅੱਗ ਲਾਉਣ ਦੀ ਮਾਨਸਿਕਤਾ ਨਾਂਹਪੱਖੀ ਹੈ, ਜਿਸ ਦੀ ਸਾਰਿਆਂ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ।