ਵੱਡੇ ਮਾਓਵਾਦੀ ਵੇਣੂਗੋਪਾਲ ਰਾਓ ਵੱਲੋਂ ਆਤਮ-ਸਮਰਪਣ

0
136

ਮੁੰਬਈ : ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਪੋਲਿਟ ਬਿਊਰੋ ਮੈਂਬਰ ਮੱਲੋਜੂਲਾ ਵੇਣੂਗੋਪਾਲ ਰਾਓ ਉਰਫ ਭੂਪਤੀ ਉਰਫ ਸੋਨੂੰ ਨੇ 60 ਸਾਥੀਆਂ ਨਾਲ ਸੋਮਵਾਰ ਰਾਤ ਆਤਮ-ਸਮਰਪਣ ਕਰ ਦਿੱਤਾ | ਇਸ ਨਾਲ ਪਾਰਟੀ ਨੂੰ ਵੱਡਾ ਧੱਕਾ ਲੱਗਾ ਹੈ | ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲਸ ਅੱਗੇ ਆਤਮ-ਸਮਰਪਣ ਕਰਨ ਵਾਲਿਆਂ ਵਿੱਚ ਸੋਨੂੰ ਦੇ ਨਾਲ ਇੱਕ ਕੇਂਦਰੀ ਕਮੇਟੀ ਮੈਂਬਰ ਤੇ 10 ਡਵੀਜ਼ਨਲ ਕਮੇਟੀ ਮੈਂਬਰ ਵੀ ਹਨ | ਸੋਨੂੰ ਪਾਰਟੀ ਦਾ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਕਾਰ ਸੀ ਅਤੇ ਉਸ ਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ‘ਤੇ ਕਈ ਅਪ੍ਰੇਸ਼ਨਾਂ ਦੀ ਨਿਗਰਾਨੀ ਕੀਤੀ | ਉਸ ਦੇ ਸਿਰ ‘ਤੇ ਵੱਖ-ਵੱਖ ਰਾਜਾਂ ਨੇ 10 ਕਰੋੜ ਰੁਪਏ ਦੇ ਇਨਾਮ ਐਲਾਨੇ ਹੋਏ ਸਨ | ਬਾਹਰਲੀ ਦੁਨੀਆ ਨਾਲ ਸੰਪਰਕ ਵੀ ਉਹੀ ਕਰਦਾ ਸੀ |
ਅਧਿਕਾਰੀਆਂ ਮੁਤਾਬਕ ਸੋਨੂੰ ਨੇ ਇਸ ਸਾਲ ਜਨਵਰੀ ਵਿੱਚ ਆਤਮ-ਸਮਪਰਣ ਦੀ ਇੱਛਾ ਪ੍ਰਗਟਾਈ ਸੀ | ਸੋਨੂੰ ਤੇ ਟਾਪ ਲੀਡਰਸ਼ਿਪ ਵਿਚਾਲੇ ਹਾਲੀਆ ਮਹੀਨਿਆਂ ਵਿੱਚ ਟਕਰਾਅ ਵਧ ਗਿਆ ਸੀ, ਜਿਸ ਦਾ ਨਤੀਜਾ ਉਸ ਦੇ ਆਤਮ-ਸਮਰਪਣ ਵਿੱਚ ਨਿਕਲਿਆ | ਸੋਨੂੰ ਦੀ ਸੋਚ ਸੀ ਕਿ ਲੋਕਾਂ ਦੀ ਹਮਾਇਤ ਘਟਣ ਤੇ ਕਾਡਰ ਦੇ ਵੱਡੀ ਗਿਣਤੀ ਵਿੱਚ ਮਾਰੇ ਜਾਣ ਨਾਲ ਹਥਿਆਰਬੰਦ ਸੰਘਰਸ਼ ਨਾਕਾਮ ਹੋ ਗਿਆ ਹੈ ਅਤੇ ਪੁਰਅਮਨ ਸੰਘਰਸ਼ ਹੀ ਠੀਕ ਹੈ | ਕਈ ਮੈਂਬਰਾਂ ਨੇ ਉਸ ਦੇ ਸਟੈਂਡ ਦੀ ਹਮਾਇਤ ਕੀਤੀ, ਪਰ ਹੋਰਨਾਂ ਸੀਨੀਅਰ ਆਗੂਆਂ ਨੇ ਹਥਿਆਰਬੰਦ ਘੋਲ ਜਾਰੀ ਰੱਖਣ ਦਾ ਫੈਸਲਾ ਕੀਤਾ | ਸੋਨੂੰ ਦੀ ਪਤਨੀ ਤੜੱਕਾ ਨੇ ਵੀ ਇਸ ਸਾਲ ਦੇ ਸ਼ੁਰੂ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ | ਉਹ ਡੰਡਕਰਾਨਯਾ ਸਪੈਸ਼ਲ ਜ਼ੋਨਲ ਕਮੇਟੀ ਦੀ ਮੈਂਬਰ ਸੀ |