ਚੰਡੀਗੜ੍ਹ : ਹਰਿਆਣਾ ਵਿਚ ਆਈ ਪੀ ਐੱਸ ਅਧਿਕਾਰੀ ਦੀ ਮੌਤ ਨੇ ਪ੍ਰਸ਼ਾਸਨਕ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ | ਵਾਈ.ਪੂਰਨ ਸਿੰਘ ਖੁਦਕੁਸ਼ੀ ਜਾਂਚ ਦਾ ਮਾਮਲਾ ਹੁਣ ਸਿਸਟਮ ਬਨਾਮ ਸੰਵੇਦਨਾ, ਸੱਤਾ ਬਨਾਮ ਸੱਚਾਈ ਦੀ ਲੜਾਈ ਬਣ ਗਿਆ ਹੈ | ਸੋਮਵਾਰ ਦੇਰ ਰਾਤ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਡੀ ਜੀ ਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ‘ਤੇ ਭੇਜ ਦਿੱਤਾ | ਰੋਹਤਕ ਦੇ ਐੱਸ ਪੀ ਨਰੇਂਦਰ ਬਿਜਰਾਨੀਆ ਨੂੰ ਪਹਿਲਾਂ ਹੀ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ | ਡੀ ਜੀ ਪੀ ਸ਼ਤਰੂਜੀਤ ਕਪੂਰ ਦੀ ਥਾਂ ਆਈ ਪੀ ਐੱਸ ਓਮ ਪ੍ਰਕਾਸ਼ ਸਿੰਘ ਨੂੰ ਡੀ ਜੀ ਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ |



