ਰੋਹਤਕ : ਹਰਿਆਣਾ ਪੁਲਸ ਦੇ ਏ ਐੱਸ ਆਈ ਸੰਦੀਪ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ, ਪੋਸਟਮਾਰਟਮ ਨੂੰ ਲੈ ਕੇ ਖੜੋਤ ਬਣੀ ਹੋਈ ਹੈ | ਪਰਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸੰਦੀਪ ਦੇ ਖ਼ੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ, ਲਾਸ਼ ਪੁਲਸ ਨੂੰ ਨਹੀਂ ਸੌਂਪੀ ਜਾਵੇਗੀ | ਸੰਦੀਪ ਦੀ ਲਾਸ਼ ਇਸ ਸਮੇਂ ਲਾਢੌਤ ਪਿੰਡ ਵਿੱਚ ਉਸ ਦੇ ਮਾਮੇ ਦੇ ਘਰ ਰੱਖੀ ਗਈ ਹੈ, ਜਿੱਥੇ ਪਿੰਡ ਵਾਸੀ ਵੀ ਪਰਵਾਰ ਦੇ ਸਮਰਥਨ ਵਿੱਚ ਇਕੱਠੇ ਹੋ ਰਹੇ ਹਨ | ਪਰਵਾਰ ਦਾ ਦੋਸ਼ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ ਚਾਰ ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿੱਚ ਮਰਹੂਮ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਅਤੇ ਸਾਥੀਆਂ ਵਿਰੁੱਧ ਭਿ੍ਸ਼ਟਾਚਾਰ ਅਤੇ ਜਾਤੀ ਅਧਾਰਤ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ | ਪਰਵਾਰ ਨੇ ਮੰਗ ਕੀਤੀ ਹੈ ਕਿ ਫੌਰੀ ਇਨ੍ਹਾਂ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਉਪਰੋਕਤ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ | ਸੰਦੀਪ ਦੇ ਚਚੇਰੇ ਭਰਾ ਸੰਜੈ ਨੇ ਕਿਹਾ, ”ਅਸੀਂ ਲਾਸ਼ ਪੋਸਟਮਾਰਟਮ ਲਈ ਉਦੋਂ ਤੱਕ ਨਹੀਂ ਸੌਂਪਾਂਗੇ, ਜਦੋਂ ਤੱਕ ਖੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਨਹੀਂ ਹੋ ਜਾਂਦੀ | ਸਾਡੇ ਭਰਾ ਨੇ ਭਿ੍ਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ |” ਤਣਾਅਪੂਰਨ ਮਾਹੌਲ ਕਾਰਨ ਪਿੰਡ ਵਿੱਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ | ਸੰਦੀਪ ਕੁਮਾਰ ਨੇ ਮੰਗਲਵਾਰ ਦੁਪਹਿਰ ਨੂੰ ਲਾਢੌਤ ਪਿੰਡ ਦੇ ਬਾਹਰਵਾਰ ਇੱਕ ਕਮਰੇ ਵਿੱਚ ਆਪਣੀ ਸਰਵਿਸ ਪਿਸਤੌਲ ਨਾਲ ਆਪਣੇ-ਆਪ ਨੂੰ ਗੋਲੀ ਮਾਰ ਲਈ ਸੀ |
ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ 6 ਮਿੰਟ 28 ਸਕਿੰਟ ਦਾ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਸ ਨੇ ਡੀ ਜੀ ਪੀ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਸਾਬਕਾ ਪੁਲਸ ਸੁਪਰਡੈਂਟ ਨਰੇਂਦਰ ਬਿਜਾਰਨੀਆ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ ਹੈ |


