ਚੰਡੀਗੜ੍ਹ : ਚੰਡੀਗੜ੍ਹ ਪੁਲੀਸ ਵੱਲੋਂ ਹੁਣ ਕਿਸੇ ਵੀ ਸਮੇਂ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲੀਸ ਹਵਾਲੇ ਕੀਤਾ ਜਾ ਸਕਦਾ ਹੈ | ਹਾਈ ਕੋਰਟ ਚੋਂ ਚਤੁਰਵੇਦੀ ਨੂੰ ਫ਼ੌਰੀ ਕੋਈ ਰਾਹਤ ਨਹੀਂ ਮਿਲੀ ਹੈ | ਰੋਪੜ ਅਦਾਲਤ ਨੇ ਲੰਘੇ ਕੱਲ੍ਹ ਚਤੁਰਵੇਦੀ ਦੇ ਗਿ੍ਫ਼ਤਾਰੀ ਵਰੰਟ ਜਾਰੀ ਕੀਤੇ ਸਨ ਪ੍ਰੰਤੂ ਚੰਡੀਗੜ੍ਹ ਪੁਲੀਸ ਵੱਲੋਂ ਪਾਏ ਅੜਿੱਕੇ ਕਾਰਨ ਇਨ੍ਹਾਂ ਹੁਕਮਾਂ ਦੀ ਤਾਮੀਲ ਨਹੀਂ ਹੋ ਸਕੀ ਸੀ | ਬੁੱਧਵਾਰ ਨੂੰ ਰੋਪੜ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ | ਪਤਾ ਲੱਗਿਆ ਹੈ ਕਿ ਹੁਣ ਕਿਸੇ ਵੀ ਸਮੇਂ ਚੰਡੀਗੜ੍ਹ ਪੁਲੀਸ ਚਤੁਰਵੇਦੀ ਨੂੰ ਰੋਪੜ ਪੁਲੀਸ ਨੂੰ ਸੌਂਪ ਸਕਦੀ ਹੈ | ਇਸ ਤੋਂ ਪਹਿਲਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲੇ ਨਵਨੀਤ ਚਤੁਰਵੇਦੀ ਨੇ ਪੰਜਾਬ ਪੁਲਿਸ ਵਲੋਂ ਆਪਣੇ ਖਿਲਾਫ ਦਰਜ ਐਫ ਆਈ ਆਰਜ਼ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ | ਪੰਜਾਬ ਸਰਕਾਰ ਨੇ ਵੀ ਇਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਇਸ ਮਾਮਲੇ ਵਿਚ ਦਖਲ ਨਾ ਦੇਣ ਦੇ ਹੁਕਮ ਦਿੱਤੇ ਜਾਣ | ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸਬੰਧਤ ਧਿਰਾਂ ਨੂੰ 4 ਨਵੰਬਰ ਲਈ ਨੋਟਿਸ ਜਾਰੀ ਕੀਤਾ ਹੈ |


