ਲੱਦਾਖੀਆਂ ਦੀ ਹੋਣੀ

0
53

ਇੱਕ ਜ਼ਮਾਨਾ ਸੀ, ਜਦੋਂ ਲੱਦਾਖ ਦੇ ਬੋਧੀ ਜੰਮੂ ਦੇ ਡੋਗਰਿਆਂ ਦੀ ਇਸ ਸ਼ਿਕਾਇਤ ਦੇ ਸਾਂਝੀ ਸਨ ਕਿ ਕਸ਼ਮੀਰੀ ਉਨ੍ਹਾਂ ਨਾਲ ਵਿਤਕਰਾ ਕਰਦੇ ਹਨ, ਪਰ ਹੁਣ ਉਹੀ ਬੋਧੀ ਕਹਿ ਰਹੇ ਹਨ ਕਿ ਡੋਗਰੇ ਉਨ੍ਹਾਂ ਨੂੰ ਦੱਬ ਰਹੇ ਹਨ | ਜੰਮੂ ਦੇ ਡੋਗਰੇ ਤੇ ਲੱਦਾਖ ਦੇ ਬੋਧੀ ਅਗਸਤ 2019 ਵਿੱਚ ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਰਾਜ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੋ ਕੇਂਦਰ ਸ਼ਾਸਤ ਖੇਤਰਾਂ ਵਿੱਚ ਬਦਲਣ ਤੱਕ ਕਸ਼ਮੀਰੀ ਦਾਬੇ ਦੀ ਸ਼ਿਕਾਇਤ ਕਰਦੇ ਰਹੇ ਹਨ | ਡੋਗਰੇ, ਜਿਹੜੇ ਰਾਜ ਦੀ ਆਬਾਦੀ ਦਾ ਕਰੀਬ 25 ਫੀਸਦੀ ਸਨ ਤੇ ਬੋਧੀ, ਜਿਹੜੇ ਜੰਮੂ-ਕਸ਼ਮੀਰ ਵਿੱਚ ਮਾਮੂਲੀ, ਪਰ ਲੱਦਾਖ ਵਿੱਚ ਲਗਭਗ ਅੱਧੀ ਆਬਾਦੀ ਸਨ, ਕਸ਼ਮੀਰੀ ਆਗੂਆਂ ਤੇ ਨੌਕਰਸ਼ਾਹੀ ਖਿਲਾਫ ਗੁੱਸਾ ਜ਼ਾਹਰ ਕਰਦੇ ਰਹੇ ਹਨ | ਹਾਲਾਤ ਨੇ ਅਜਿਹਾ ਮੋੜ ਕੱਟਿਆ ਹੈ ਕਿ ਹੁਣ ਲੱਦਾਖ ਵਿੱਚ ਕਸ਼ਮੀਰੀ ਦਾਬੇ ਦਾ ਰੌਲਾ ਘਟ ਗਿਆ ਹੈ ਅਤੇ ਜੰਮੂ ਦੇ ਦਾਬੇ ਦਾ ਵਧ ਗਿਆ ਹੈ |
ਜੇਲ੍ਹਬੰਦ ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਐਂਗਮੋ ਨੇ ਤਾਂ ਲੱਦਾਖ ਪ੍ਰਸ਼ਾਸਨ ਦੀ ਤੁਲਨਾ ਬਸਤੀਵਾਦੀਆਂ ਨਾਲ ਕਰਦਿਆਂ ਕਿਹਾ ਕਿ ਹੁਣ ਬਾਹਰਲੇ ਲੱਦਾਖ ‘ਤੇ ਰਾਜ ਕਰ ਰਹੇ ਹਨ ਤੇ ਲੱਦਾਖ ਦੀ ਪੁਲਸ ਵੀ ਉਨ੍ਹਾਂ ਨਾਲ ਰਲੀ ਹੋਈ ਹੈ | ਉਸ ਦਾ ਕਹਿਣਾ ਹੈ : ਕੀ ਭਾਰਤ ਵਾਕਈ ਆਜ਼ਾਦ ਹੈ? 1857 ਵਿੱਚ 24 ਹਜ਼ਾਰ ਗੋਰਿਆਂ ਨੇ ਮਹਾਰਾਣੀ ਦੇ ਹੁਕਮਾਂ ‘ਤੇ ਇੱਕ ਲੱਖ 35 ਹਜ਼ਾਰ ਭਾਰਤੀ ਸਿਪਾਹੀਆਂ ਨੂੰ 30 ਕਰੋੜ ਭਾਰਤੀਆਂ ਨੂੰ ਦਬਾਉਣ ਲਈ ਵਰਤਿਆ | ਅੱਜ ਇੱਕ ਦਰਜਨ ਪ੍ਰਸ਼ਾਸਕ 2400 ਲੱਦਾਖੀ ਪੁਲਸ ਜਵਾਨਾਂ ਨੂੰ ਤਿੰਨ ਲੱਖ ਲੱਦਾਖੀਆਂ ਨੂੰ ਦਬਾਉਣ ਲਈ ਵਰਤ ਰਹੇ ਹਨ | ਲੱਦਾਖ ਬੋਧੀ ਐਸੋਸੀਏਸ਼ਨ ਦੇ ਪ੍ਰਧਾਨ ਚੇਰਿੰਗ ਦੋਰਜੇ ਦਾ ਕਹਿਣਾ ਹੈ ਕਿ ਲੱਦਾਖ ‘ਜ਼ੋਰਾਵਰ-2’ ਦੇ ਹੇਠ ਦਿਨ ਕੱਟ ਰਹੇ ਹਨ | ਉਨ੍ਹਾ ਦਾ ਇਸ਼ਾਰਾ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਵੱਲ ਹੈ, ਜਿਸ ਨੇ 19ਵੀਂ ਸਦੀ ਵਿੱਚ ਲੱਦਾਖ ਨੂੰ ਜੰਮੂ ਆਧਾਰਤ ਡੋਗਰਾ ਮਹਾਰਾਜਾ ਗੁਲਾਬ ਸਿੰਘ ਲਈ ਖੋਹ ਲਿਆ ਸੀ | ਜ਼ੋਰਾਵਰ ਸਿੰਘ ਕਾਫੀ ਵਿਵਾਦਤ ਰਿਹਾ | ਇਸ ਵੇਲੇ ਲੱਦਾਖ ਵਿੱਚ ਤਿੰਨ ਉਤਲੀਆਂ ਪੁਜ਼ੀਸ਼ਨਾਂ ‘ਤੇ ਬਾਹਰਲੇ ਬਿਰਾਜਮਾਨ ਹਨ | ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ, ਮੁੱਖ ਸਕੱਤਰ ਪਵਨ ਕੋਤਵਾਲ ਤੇ ਪੁਲਸ ਦੇ ਡਾਇਰੈਕਟਰ ਜਨਰਲ ਐੱਸ ਡੀ ਸਿੰਘ ਜਮਵਾਲ ਜੰਮੂ ਦੇ ਡੋਗਰੇ ਹਨ | ਇਨ੍ਹਾਂ ਤਿੰਨਾਂ ‘ਤੇ ਦੋਸ਼ ਹੈ ਕਿ ਇਹ ਲੱਦਾਖ ਨੂੰ ਰਾਜ ਬਣਾਉਣ ਤੇ ਵਿਸ਼ੇਸ਼ ਰੁਤਬਾ ਦਿਵਾਉਣ ਲਈ ਲੜ ਰਹੇ ਲੋਕਾਂ ਨੂੰ ਸਖਤੀ ਨਾਲ ਦਬਾਅ ਰਹੇ ਹਨ | ਇਨ੍ਹਾਂ ਤੋਂ ਇਲਾਵਾ ਕਈ ਹੋਰਨਾਂ ਅਹਿਮ ਪੁਜ਼ੀਸ਼ਨਾਂ ‘ਤੇ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਅਧਿਕਾਰੀ ਤਾਇਨਾਤ ਹਨ | ਕਵਿੰਦਰ ਗੁਪਤਾ ਦੀਆਂ ਆਰ ਐੱਸ ਐੱਸ ਵਿੱਚ ਡੂੰਘੀਆਂ ਜੜ੍ਹਾਂ ਹਨ | ਉਹ ਜੰਮੂ-ਕਸ਼ਮੀਰ ਵਿੱਚ ਉਪ ਮੁੱਖ ਮੰਤਰੀ ਤੇ ਸਪੀਕਰ ਰਹਿ ਚੁੱਕੇ ਹਨ | ਚੇਰਿੰਗ ਦੋਰਜੇ ਕਿਸੇ ਵੇਲੇ ਭਾਜਪਾ ਵਿੱਚ ਹੁੰਦੇ ਸਨ ਤੇ ਮਹਿਬੂਬਾ ਮੁਫਤੀ ਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ | ਲੱਦਾਖ ਦੇ ਹੱਕਾਂ ਦੀ ਲੜਾਈ ਲਈ ਉਨ੍ਹਾ ਭਾਜਪਾ ਛੱਡ ਦਿੱਤੀ ਸੀ | ਦੋਰਜੇ ਦਾ ਕਹਿਣਾ ਹੈ ਕਿ ਉਨ੍ਹਾ ਦਾ ਨਿੱਜੀ ਤਜਰਬਾ ਹੈ ਕਿ ਕਸ਼ਮੀਰੀ ਆਗੂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਲੱਦਾਖੀਆਂ ਦੀਆਂ ਸ਼ਿਕਾਇਤਾਂ ਸੁਣ ਲੈਂਦੇ ਸਨ, ਪਰ ਕਸ਼ਮੀਰੀ ਨੌਕਰਸ਼ਾਹ ਢੁਚਰਾਂ ਡਾਹੁੰਦੇ ਸਨ, ਪਰ ਹੁਣ ਤਾਂ ਕੋਈ ਸੁਣਨ ਵਾਲਾ ਹੀ ਨਹੀਂ |