ਅਹਿਮਦਾਬਾਦ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਅਹਿਮਦਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੀ ਸਰਕਾਰ ਬਣਨ ’ਤੇ ਗੁਜਰਾਤ ਦੇ ਛੇ ਕਰੋੜ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਅਤੇ ਭੈਅ ਮੁਕਤ ਸ਼ਾਸਨ ਦੀ ਗਾਰੰਟੀ ਦਿੱਤੀ। ਉਨ੍ਹਾ ਕਿਹਾ ਕਿ ਜੇਕਰ ਸਾਡਾ ਮੁੱਖ ਮੰਤਰੀ, ਕੋਈ ਮੰਤਰੀ, ਵਿਧਾਇਕ ਜਾਂ ਅਧਿਕਾਰੀ ਭਿ੍ਰਸ਼ਟਾਚਾਰ ਕਰਦਾ ਹੈ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ। ਪੰਜਾਬ ਵਿੱਚ ਸਾਡੇ ਇੱਕ ਮੰਤਰੀ ਨੇ ਕੁਝ ਉੱਚਾ-ਨੀਵਾਂ ਕੀਤਾ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ।
ਭਾਰਤ ਦੇ 75 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਪਾਰਟੀ ਨੇ ਆਪਣੇ ਹੀ ਮੰਤਰੀ ਨੂੰ ਜੇਲ੍ਹ ਭੇਜਿਆ ਹੋਵੇ। ਸਰਕਾਰ ਦਾ ਇਕ-ਇਕ ਪੈਸਾ ਗੁਜਰਾਤ ਦੇ ਲੋਕਾਂ ’ਤੇ ਖਰਚ ਕੀਤਾ ਜਾਵੇਗਾ। ਗੁਜਰਾਤ ਦਾ ਪੈਸਾ ਹੁਣ ਸਵਿਸ ਬੈਂਕਾਂ ਵਿੱਚ ਨਹੀਂ ਜਾਵੇਗਾ ਅਤੇ ਨਾ ਹੀ ਅਰਬਪਤੀਆਂ ਵਿੱਚ ਵੰਡਿਆ ਜਾਵੇਗਾ। ਗੁਜਰਾਤ ਵਿੱਚ ਚੱਲ ਰਹੇ ਮੰਤਰੀਆਂ ਅਤੇ ਨੇਤਾਵਾਂ ਦੇ ਸਾਰੇ ਕਾਲੇ ਕਾਰੋਬਾਰ ਬੰਦ ਕੀਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਭਿ੍ਰਸ਼ਟ ਲੋਕਾਂ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਕ-ਇਕ ਪੈਸਾ ਵਸੂਲਿਆ ਜਾਵੇਗਾ। ਉਸ ਪੈਸੇ ਨਾਲ ਸਕੂਲ, ਹਸਪਤਾਲ, ਬਿਜਲੀ, ਪਾਣੀ ਅਤੇ ਸੜਕਾਂ ਬਣਾਈਆਂ ਜਾਣਗੀਆਂ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਰਫ ਦੋ ਮਹੀਨੇ ਬਾਕੀ ਹਨ। ਗੁਜਰਾਤ ਤੋਂ ਭਾਜਪਾ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਆ ਰਹੀ ਹੈ।


