ਭੁਬਨੇਸ਼ਵਰ : ਪੁਰੀ ਦੇ ਸਮਾਜਿਕ-ਸੱਭਿਆਚਾਰਕ ਸੰਗਠਨ ਸ੍ਰੀ ਜਗਨਨਾਥ ਸੈਨਾ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਉਸ ਨੇ ਬਰਤਾਨੀਆ ਤੋਂ ਇਸ ਨੂੰ 12ਵੀਂ ਸਦੀ ਦੇ ਇਤਿਹਾਸਕ ਪੁਰੀ ਮੰਦਰ ਲਈ ਵਾਪਸ ਲਿਆਉਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪਿ੍ਰੰਸ ਚਾਰਲਸ ਰਾਜਾ ਬਣ ਗਿਆ ਹੈ ਅਤੇ ਨਿਯਮ ਵਜੋਂ 105 ਕੈਰੇਟ ਦਾ ਹੀਰਾ ਉਸ ਦੀ ਪਤਨੀ ਕੈਮਿਲਾ ਕੋਲ ਜਾਵੇਗਾ। ਸੈਨਾ ਦੇ ਨੇਤਾ ਪਿ੍ਰਯਦਰਸ਼ਨ ਪਟਨਾਇਕ ਨੇ ਰਾਸ਼ਟਰਪਤੀ ਨੂੰ ਮੈਮੋਰੰਡਮ ਵਿਚ ਕਿਹਾ-ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਲਈ ਕਦਮ ਚੁੱਕਣ ਲਈ ਕਿਹਾ ਜਾਵੇ। ਉਨ੍ਹਾ ਦਾਅਵਾ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਾਦਰ ਸ਼ਾਹ ਵਿਰੁੱਧ ਲੜਾਈ ਜਿੱਤਣ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ।
ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਦੱਸਿਆ ਕਿ ਹੀਰਾ ਤੁਰੰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ 1839 ’ਚ ਮੌਤ ਹੋ ਗਈ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਖੋਹ ਲਿਆ ਸੀ, ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਦਾਨ ’ਚ ਦਿੱਤਾ ਗਿਆ ਸੀ।